ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਭਾਰਤ ਦੇ ਮਿਜ਼ਾਇਲ ਮੈਨ ਕਹਾਉਣ ਵਾਲੇ ਡਾ. ਏਪੀਜੇ ਅਬਦੁਲ ਕਲਾਮ ਦਾ ਅੱਜ ਜਨਮ ਦਿਨ ਹੈ। ਸਾਲ 2002 'ਚ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦਾ ਜਨਮ 15 ਅਕਤੂਬਰ, 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ 'ਚ ਮੱਧਵਰਗੀ ਮੁਸਲਿਮ ਅੰਸਾਰ ਪਰਿਵਾਰ 'ਚ ਹੋਇਆ ਸੀ।


ਅਬਦੁਲ ਕਲਾਮ ਦੇ ਪਿਤਾ ਨਾਵਿਕ ਦਾ ਕੰਮ ਕਰਦੇ ਸਨ ਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਉਹ ਮਛੇਰਿਆਂ ਨੂੰ ਕਿਸ਼ਤੀਆਂ ਕਿਰਾਏ 'ਤੇ ਦਿੰਦੇ ਸਨ। ਅਬਦੁਲ ਕਲਾਮ ਦਾ ਬਚਪਨ ਗਰੀਬੀ ਤੇ ਸੰਘਰਸ਼ 'ਚੋਂ ਲੰਘਿਆ ਸੀ। ਪੰਜ ਭਰਾ ਤੇ ਪੰਜ ਭੈਣਾਂ ਦੇ ਪਰਿਵਾਰ ਨੂੰ ਚਲਾਉਣ ਲਈ ਉਨ੍ਹਾਂ ਦੇ ਪਿਤਾ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਸੀ। ਅਜਿਹੇ 'ਚ ਹੋਣਹਾਰ ਤੇ ਹੁਸ਼ਿਆਰ ਅਬਦੁਲ ਕਲਾਮ ਨੂੰ ਆਪਣੀ ਸ਼ੁਰੂਆਤੀ ਸਿੱਖਿਆ ਜਾਰੀ ਰੱਖਣ ਲਈ ਅਖਬਾਰ ਵੇਚਣ ਦਾ ਕੰਮ ਕਰਨਾ ਪੈਂਦਾ ਸੀ।


ਅੱਠ ਸਾਲ ਦੀ ਉਮਰ 'ਚ ਹੀ ਕਲਾਮ ਸਵੇਰੇ ਚਾਰ ਵਜੇ ਉੱਠ ਜਾਂਦੇ ਸਨ। ਇਸ ਤੋਂ ਬਾਅਦ ਉਹ ਗਣਿਤ ਦੀ ਪੜਾਈ ਕਰਨ ਚਲੇ ਜਾਂਦੇ ਸਨ। ਟਿਊਸ਼ਨ ਤੋਂ ਬਾਅਦ ਉਹ ਸਿੱਧਾ ਰਾਮੇਸ਼ਵਰਮ ਰੇਲਵੇ ਸਟੇਸ਼ਨ ਜਾਂਦੇ ਤੇ ਬੱਸ ਅੱਡੇ 'ਤੇ ਅਖਬਾਰ ਵੰਡਣ ਦਾ ਕੰਮ ਕਰਦੇ।


ਪੰਜਵੀਂ ਜਮਾਤ 'ਚ ਅਧਿਆਪਕ ਤੋਂ ਮਿਲੀ ਪ੍ਰੇਰਣਾ


ਏਅਰੋਸਪੇਸ ਟੈਕਨਾਲੋਜੀ 'ਚ ਆਉਣ ਦਾ ਕਾਰਨ ਡਾ. ਏ.ਪੀ.ਜੇ ਅਬਦੁਲ ਕਲਾਮ ਆਪਣੇ ਪੰਜਵੀਂ ਜਮਾਤ ਦੇ ਅਧਿਆਪਕ ਨੂੰ ਦੱਸਦੇ ਹਨ। ਉਹ ਕਹਿੰਦੇ ਹਨ ਕਿ ਇਕ ਦਿਨ ਕਲਾਸ 'ਚ ਪੜ੍ਹਾਈ ਦੌਰਾਨ ਉਨ੍ਹਾਂ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਲ ਕੀਤਾ ਕਿ ਪੰਛੀ ਕਿਵੇਂ ਉੱਡਦੇ ਹਨ। ਕਲਾਸ ਦਾ ਕੋਈ ਵਿਦਿਆਰਥੀ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ।


ਅਗਲੇ ਦਿਨ ਉਨ੍ਹਾਂ ਦੇ ਅਧਿਆਪਕ ਸਮੰਦਰ ਤਟ 'ਤੇ ਲੈ ਗਏ। ਜਿੱਥੇ ਉੱਡਦੇ ਹੋਏ ਪੰਛੀਆਂ ਨੂੰ ਦਿਖਾ ਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਡਣ ਦਾ ਕਾਰਨ ਸਮਝਾਇਆ ਤੇ ਪੰਛੀਆਂ ਦੇ ਸਰੀਰ ਦੀ ਬਣਾਵਟ ਨੂੰ ਵੀ ਸਮਝਾਇਆ। ਇਨ੍ਹਾਂ ਪੰਛੀਆਂ ਨੂੰ ਦੇਖਕੇ ਕਲਾਮ ਨੇ ਤੈਅ ਕੀਤਾ ਕਿ ਉਹ ਭਵਿੱਖ 'ਚ ਪੁਲਾੜ ਵਿਗਿਆਨ 'ਚ ਜਾਣਗੇ। ਇਸ ਤੋਂ ਬਾਅਦ ਕਲਾਮ ਨੇ ਫਿਜ਼ਿਕਸ ਦੀ ਪੜ੍ਹਾਈ ਕਰਕੇ ਮਦਰਾਸ ਇੰਜਨੀਅਰਿੰਗ ਕਾਲਜ ਤੋਂ ਏਅਰੋਟੈਕਨਾਲੋਜੀ 'ਚ ਪੜ੍ਹਾਈ ਕੀਤੀ।


ਅਬਦੁਲ ਕਲਾਮ ਦੇਸ਼ ਦੀਆਂ ਉਨ੍ਹਾਂ ਚੋਣਵੀਆਂ ਸ਼ਖਸੀਅਤਾਂ 'ਚ ਸ਼ਾਮਲ ਹਨ ਜਿੰਨ੍ਹਾਂ ਦਾ ਪੂਰਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਨੌਜਵਾਨਾਂ ਦੀ ਟੀਚਾ ਪ੍ਰਾਪਤੀ 'ਚ ਅੱਜ ਵੀ ਸਹਾਇਕ ਹਨ। ਉਨ੍ਹਾਂ ਨੇ ਹਮੇਸ਼ਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਜ਼ਿੰਦਗੀ 'ਚ ਕਿਸੇ ਤਰ੍ਹਾਂ ਦੀ ਸਥਿਤੀ ਕਿਉਂ ਨਾ ਹੋਵੇ ਪਰ ਜਦੋਂ ਤੁਸੀਂ ਆਪਣੇ ਸੁਫਨਿਆਂ ਨੂੰ ਹਕੀਕਤ 'ਚ ਬਦਲਣ ਦੀ ਠਾਣ ਲੈਂਦੇ ਹੋ ਤਾਂ ਉਨ੍ਹਾਂ ਨੂੰ ਪੂਰਾ ਕਰਕੇ ਹੀ ਦਮ ਲਓ।


ਅਬਦੁਲ ਕਲਾਮ ਨੇ ਕਰੀਬ ਚਾਰ ਦਹਾਕਿਆਂ ਤਕ ਇਕ ਸਾਇੰਟਿਸਟ ਦੇ ਤੌਰ 'ਤੇ DRDO ਤੇ ISRO ਨੂੰ ਸੰਭਾਲਿਆ ਸੀ। ਬੈਲਿਸਟਿਕ ਮਿਜ਼ਾਇਲ ਅਤੇ ਤਕਨਾਲੋਜੀ ਦੇ ਵਿਕਾਸ ਕਾਰਜਾਂ ਲਈ ਭਾਰਤ 'ਚ ਡਾ.ਏਪੀਜੇ ਅਬਦੁਲ ਕਾਮ ਨੂੰ ਮਿਜ਼ਾਇਲ ਮੈਨ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ। ਸੰਨ 1962 ਚਕਲਾਮ ਇਸਰੋ ਪਹੁੰਚ ਗਏ। ਇੱਥੇ ਪ੍ਰੋਜੈਕਟ ਡਾਇਰੈਕਟਰ ਰਹਿੰਦਿਆਂ ਉਨ੍ਹਾਂ ਦੇ ਅੰਡਰ ਹੀ ਭਾਰਤ ਦਾ ਪਹਿਲਾਂ ਸਵਦੇਸ਼ੀ ਯਾਨ ਐਲਐਲਵੀ-3 ਲੌਂਚ ਕੀਤਾ ਗਿਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ