ਪ੍ਰਯਾਗਰਾਜ: ਇਲਾਹਾਬਾਦ ਹਾਈਕੋਰਟ ਨੇ ਸਾਬਕਾ ਬੀਐਸਐਫ ਜਵਾਨ ਤੇਜ ਬਹਾਦੁਰ ਯਾਦਵ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਾਰਾਣਸੀ ਦੇ ਸੰਸਦ ਮੈਂਬਰ ਚੁਣੇ ਜਾਣ ਨੂੰ ਚੁਨੌਤੀ ਦੇਣ ਸਬੰਧੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੀਐਮ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਮੋਦੀ ਤੋਂ 21 ਅਗਸਤ ਤਕ ਜਵਾਬ ਵੀ ਮੰਗਿਆ ਹੈ।

ਇਹ ਆਦੇਸ਼ ਜੱਜ ਐਮ.ਕੇ. ਗੁਪਤਾ ਨੇ ਬੀਐਸਐਫ ਤੋਂ ਬਰਖ਼ਾਸਤ ਫ਼ੌਜੀ ਤੇਜ ਬਹਾਦੁਰ ਯਾਦਵ ਦੀ ਪਟੀਸ਼ਨ ‘ਤੇ ਦਿੱਤਾ ਹੈ। ਆਪਣੀ ਅਰਜ਼ੀ ਵਿੱਚ ਤੇਜ ਬਹਾਦੁਰ ਦਾ ਕਹਿਣਾ ਹੈ ਕਿ ਉਸ ਦੀ ਨਾਮਜਦਗੀ ਪੱਤਰ ਨੂੰ ਗਲਤ ਜਾਣਕਾਰੀ ਦੇਣ ਕਰਕੇ ਰੱਦ ਕੀਤਾ ਗਿਆ ਜਦਕਿ ਉਸ ਨੂੰ ਜਵਾਬ ਦੇਣ ਦਾ ਸਮਾਂ ਨਹੀਂ ਦਿੱਤਾ ਗਿਆ। ਕਾਨੂੰਨ ਮੁਤਾਬਕ ਉਸ ਨੂੰ ਇਸ ਮਾਮਲੇ ‘ਚ ਸੁਣਵਾਈ ਦੇ ਲਈ 24 ਘੰਟੇ ਦਾ ਸਮਾਂ ਮਿਲਣਾ ਚਾਹੀਦਾ ਸੀ। ਤੇਜ ਬਹਾਦੁਰ ਨੇ ਹੁਣ ਅਦਾਲਤ ਵਿੱਚ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਿੱਚ ਆਪਣੇ ਪਰਿਵਾਰ ਬਾਰੇ ਵੇਰਵੇ ਨਹੀਂ ਦਿੱਤੇ ਹਨ। ਮਾਮਲੇ ਦੀ ਸੁਣਵਾਈ 21 ਅਗਸਤ ਨੂੰ ਤੈਅ ਕੀਤੀ ਹੈ।

ਤੇਜ ਬਹਾਦੁਰ ਵਾਰਾਣਸੀ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉੱਤਰੇ ਸਨ ਪਰ ਰੀਟਰਨਿੰਗ ਅਫ਼ਸਰ ਨੇ ਉਨ੍ਹਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਸਨ, ਜਿਸ ਕਾਰਨ ਉਹ ਚੋਣ ਨਹੀਂ ਸੀ ਲੜ ਸਕੇ। ਤੇਜ ਬਹਾਦੁਰ ਉਹੀ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਫ਼ੌਜੀਆਂ ਨੂੰ ਮਿਲਣ ਵਾਲੇ ਖਾਣੇ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।