ਨਵੀਂ ਦਿੱਲੀ: ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਖਾਨ ਨੂੰ ਆਪਣੇ ਸਾਲੇ ਦੀ ਪਤਨੀ ਨਾਲ ਛੇੜਖਾਨੀ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਖਾਨ ਮਹਿਲਾ ਨੂੰ ਧਮਕਾਉਣ ਦੇ ਮਾਮਲੇ ਵਿੱਚ ਜੁਲਾਈ 2016 ਵਿੱਚ ਵੀ ਗ੍ਰਿਫਤਾਰ ਹੋ ਚੁੱਕੇ ਹਨ।
ਖਾਨ ਦੇ ਸਾਲੇ ਦੀ ਪਤਨੀ ਨੇ 10 ਸਤੰਬਰ ਨੂੰ ਉਨ੍ਹਾਂ ਖਿਲਾਫ਼ ਜਾਮੀਆ ਨਗਰ ਇਲਾਕੇ ਵਿੱਚ ਸ਼ਿਕਾਇਤ ਦਿੱਤੀ ਸੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਐਫ.ਆਈ.ਆਰ ਦਰਜ ਕਰਵਾਈ ਸੀ। ਇਲਜ਼ਾਮਾਂ 'ਚ ਘਿਰਨ ਤੋਂ ਬਾਅਦ ਅਮਾਨਤਉਲ੍ਹਾ ਨੇ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਪਾਰਟੀ ਨੇ ਨਾਮਨਜ਼ੂਰ ਕਰ ਦਿੱਤਾ ਸੀ।
10 ਸਤੰਬਰ ਨੂੰ ਅਮਾਨਤਉੱਲ੍ਹਾ ਖਾਨ ਨੇ ਸੀ.ਐਮ. ਨੂੰ ਪੱਤਰ ਲਿਖ ਕੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ। ਕੇਜਰੀਵਾਲ ਨੂੰ ਲਿਖੇ ਪੱਤਰ ਵਿੱਚ ਖਾਨ ਨੇ ਕਿਹਾ ਸੀ,'ਵਕਫ ਬੋਰਡ ਦਾ ਚੇਅਰਮੈਨ ਬਣਨ ਤੋਂ ਬਾਅਦ ਮੈਂ ਪੁਰਾਣੀ ਸਰਕਾਰ ਦੇ ਘੁਟਾਲਿਆਂ ਦਾ ਪਰਦਾਫਾਸ਼ ਕੀਤਾ ਸੀ।
ਇਸ ਕਾਰਨ ਕੁਝ ਲੋਕਾਂ ਨੂੰ ਮੇਰੀ ਇਮਾਨਦਾਰੀ ਪੰਸਦ ਨਹੀਂ ਆ ਰਹੀ। ਇਸ ਲਈ ਮੇਰੇ ਤੇ ਮੇਰੇ ਪਰਿਵਾਰ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ। ਇਸ ਲਈ ਮੈਂ ਇਸ ਜਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਹਾਂ ਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ।'