ਨਵੀਂ ਦਿੱਲੀ: ਗਲੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਬੁੱਧਵਾਰ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਇਸ ਮੌਕੇ ਉਨ੍ਹਾਂ ਨੇ ਦਿੱਲੀ ਮਹਿਲਾ ਕਮਿਸ਼ਨ ਵਿੱਚ ਕਥਿਤ ਭਰਤੀ ਘੁਟਾਲੇ ਵਿੱਚ ਦਰਜ ਹੋਈ ਐਫ.ਆਈ.ਆਰ. ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ FIR ਵਿੱਚ ਮੇਰਾ ਨਾਮ ਕਿਸ ਤਰ੍ਹਾਂ ਆਇਆ? ਮੇਰਾ ਇਸ ਵਿੱਚ ਕੀ ਰੋਲ ਸੀ?
ਉਨ੍ਹਾਂ ਇਲਜ਼ਾਮ ਲਾਇਆ ਕਿ ਇਹ FIR ਪ੍ਰਧਾਨ ਮੰਤਰੀ ਦੇ ਇਸ਼ਾਰੇ 'ਤੇ ਦਰਜ ਹੋਈ ਹੈ। ਕੇਜਰੀਵਾਲ ਨੇ ਕਿਹਾ, 'ਸੀ.ਐਮ. ਦਾ ਨਾਂ ਐਂਵੇ ਹੀ ਨਹੀਂ ਆਉਂਦਾ। ਜ਼ਾਹਿਰ ਹੈ ਪ੍ਰਧਾਨ ਮੰਤਰੀ ਦੇ ਇਸ਼ਾਰੇ 'ਤੇ ਐਫ.ਆਈ.ਆਰ. ਦਰਜ ਹੋਈ ਹੈ।' ਉਨ੍ਹਾਂ ਕਿਹਾ ਕਿ ਇਸ FIR 'ਤੇ ਚਰਚਾ ਦੀ ਜ਼ਰੂਰਤ ਹੈ। ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਐਫ.ਆਈ.ਆਰ. 'ਤੇ ਚਰਚਾ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਐਂਟੀ ਕਰਪਸ਼ਨ ਬਿਊਰੋ ਨੇ ਸੋਮਵਾਰ ਰਾਤ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਖਿਲਾਫ ਕਥਿਤ ਭਰਤੀ ਮਾਮਲੇ ਵਿੱਚ FIR ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏ.ਸੀ.ਬੀ. ਦੀ ਟੀਮ ਨੇ ਸਵਾਤੀ ਮਾਲੀਵਾਲ ਤੋਂ ਪੁੱਛਗਿੱਛ ਕੀਤੀ ਸੀ। FIR ਦਰਜ਼ ਹੋਣ ਤੋਂ ਬਾਅਦ ਏ.ਸੀ.ਬੀ. ਚੀਫ ਐਮ.ਕੇ. ਮੀਨਾ ਨੇ ਕਿਹਾ ਸੀ ਕਿ ਇਸ ਕੇਸ ਨਾਲ ਜੁੜੇ ਹਰ ਵਿਅਕਤੀ ਤੋਂ ਪੁੱਛਗਿੱਛ ਕਰਾਂਗੇ।
ਉਨ੍ਹਾਂ ਨੇ ਇਹ ਕਿਹਾ ਸੀ ਕਿ ਇਸ ਮਾਮਲੇ ਵਿੱਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਨੂੰ ਵੀ ਨੋਟਿਸ ਭੇਜਿਆ ਜਾਵੇਗਾ। ਉੱਥੇ ਇਸ
FIR 'ਤੇ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿਸਟਮ ਵਿੱਚ ਬੈਠੇ ਨਿਕੰਮੇ ਤੇ ਨਾਕਾਰਾ ਲੋਕਾਂ ਨੂੰ ਮੇਰਾ ਮਹਿਲਾਵਾਂ ਲਈ ਕੰਮ ਕਰਨਾ ਤੇ ਸਵਾਲ ਚੁੱਕਣਾ ਪੰਸਦ ਨਹੀਂ ਆ ਰਿਹਾ। ਉਹ ਮੇਰੇ ਸਵਾਲਾਂ ਤੋਂ, ਕੰਮ ਤੋਂ ਪ੍ਰੇਸ਼ਾਨ ਹਨ।