ਜੰਮੂ: ਇਸ ਸਾਲ ਦੀ 56 ਦਿਨਾਂ ਦੀ ਅਮਰਨਾਥ ਯਾਤਰਾ ਦੀ ਸ਼ੁਰੂਆਤ 28 ਜੂਨ ਤੋਂ ਹੋਵੇਗੀ। ਇਸ ਦੇ ਨਾਲ ਹੀ ਸ੍ਰੀ ਅਮਰਨਾਥ ਸ਼੍ਰਾਇਨ ਬੋਰਡ ਨੇ ਰੋਜ਼ਾਨਾ ਬਾਲਟਾਨ ਤੇ ਪਹਿਲਗਾਮ ਦੇ ਰਸਤਿਓਂ 10,000 ਯਾਤਰੀਆਂ ਨੂੰ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦਿੱਤੀ ਹੈ। ਦੇਸ਼ਭਰ ਦੇ ਭੋਲੇ ਭਗਤਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।


ਇਸ ਸਾਲ ਸ੍ਰੀ ਅਮਰਨਾਥ ਯਾਤਰਾ ਦੀ ਸ਼ੁਰੂਆਤ 28 ਜੂਨ, 2021 ਤੋਂ ਹੋਵੇਗੀ ਤੇ 22 ਅਗਸਤ, 2021 ਯਾਨੀ ਰੱਖੜੀ ਤਕ ਚੱਲੇਗੀ। ਇਸ ਸਾਲ ਦੀ ਅਮਰਨਾਥ ਯਾਤਰਾ 56 ਦਿਨ ਦੀ ਹੋਵੇਗੀ। ਜੰਮੂ 'ਚ ਸ਼ਨੀਵਾਰ ਸ੍ਰੀ ਅਮਰਨਾਥ ਸ਼੍ਰਾਇਨ ਬੋਰਡ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ।


ਇਸ ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਇਸ ਸਾਲ ਦੀ ਯਾਤਰਾ 'ਚ ਕੋਰੋਨਾ ਲਈ ਪਹਿਲਾਂ ਤੋਂ ਜਾਰੀ ਪ੍ਰੋਟੋਕੋਲ ਸਖਤੀ ਨਾਲ ਲਾਗੂ ਕੀਤੇ ਜਾਣਗੇ। ਇਸ ਸਾਲ ਦੀ ਅਅਮਰਨਾਥ ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ 1 ਅਪ੍ਰੈਲ, 2021 ਤੋਂ ਸ਼ੁਰੂ ਹੋਵੇਗੀ। ਦੇਸ਼ਭਰ ਦੇ ਯਾਤਰੀ ਇਸ ਯਾਤਰਾ ਦਾ ਰਜਿਸਟ੍ਰੇਸ਼ਨ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਤੇ ਯੈਸ ਬੈਂਕ ਦੀਆਂ 446 ਬਰਾਂਚਾ 'ਚ ਕਰ ਸਕਦੇ ਹਨ।


ਇਸ ਬੈਠਕ 'ਚ ਇਹ ਫੈਸਲਾ ਵੀ ਲਿਆ ਗਿਆ ਕਿ ਭਗਵਾਨ ਭੋਲੇਨਾਥ ਦੀ ਪਵਿੱਤਰ ਗੁਫਾ 'ਚ ਹੋਣ ਵਾਲੀ ਸਵੇਰ ਤੇ ਸ਼ਾਮ ਦੀ ਆਰਤੀ ਦਾ ਲਾਈਵ ਪ੍ਰਸਾਰਣ ਹੋਵੇਗਾ। ਇਸ ਦੇ ਨਾਲ ਹੀ ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਇਸ ਸਾਲ ਤੋਂ 10,000  ਯਾਤਰੀਆਂ ਨੂੰ ਬਾਲਟਾਲ ਤੇ ਪਹਿਲਗਾਂਵ ਦੇ ਰਸਤੇ ਤੋਂ ਪਵਿੱਤਰ ਗੁਫਾ ਤਕ ਭੇਜਿਆ ਜਾਵੇਗਾ।


ਇਸ ਦੇ ਨਾਲ ਹੀ ਇਸ ਸਾਲ ਦੇ ਅਮਰਨਾਥ ਯਾਤਰਾ ਦੇ ਅਖਾੜਾ ਪਰਿਸ਼ਦ, ਆਚਾਰਯ ਪਰਿਸ਼ਦ ਤੇ ਸਾਧੂ ਸਮਾਜ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ। ਬੈਠਕ ਦੀ ਅਗਵਾਈ ਕਰਦਿਆਂ ਸੂਬੇ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਹ ਵੀ ਹੁਕਮ ਦਿੱਤੇ ਕਿ ਯਾਤਰੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਮੌਜੂਦਾ ਢਾਂਚਾ ਸੁਧਾਰਿਆ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਟੈਲੀਕੌਮ ਕੰਪਨੀਆਂ ਨੂੰ ਯਾਤਰਾ ਸ਼ੁਰੂ ਹੋਣ ਤੋਂ ਦੋ ਹਫਤੇ ਪਹਿਲਾਂ ਪੂਰੇ ਟ੍ਰੈਕ ਤੇ ਸਿਗਨਲ ਯਕੀਨੀ ਬਣਾਉਣ ਦੀ ਗੱਲ ਵੀ ਕਹੀ। ਇਸ ਸਾਲ ਦੇ ਯਾਤਰੀਆਂ ਲਈ ਗਰੁੱਪ ਇੰਸ਼ੋਰੈਂਸ ਕਵਰ ਦੀ ਰਾਸ਼ੀ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ।