ਸ੍ਰੀਨਗਰ: ਅਮਰਨਾਥ ਯਾਤਰਾ ਦੇ ਦੌਰਾਨ 20 ਦਿਨਾਂ ਅੰਦਰ ਸ਼ਨੀਵਾਰ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਛੇ ਮੌਤਾਂ ਪਿਛਲੇ ਚਾਰ ਦਿਨਾਂ ਅੰਦਰ ਹੋਈਆਂ ਹਨ। ਯਾਤਰਾ ਦੀ ਸ਼ੁਰੂਆਤ ਪਹਿਲੀ ਜੁਲਾਈ ਤੋਂ ਹੋਈ ਸੀ। ਇਸ ਦੇ ਬਾਅਦ ਕਰੀਬ ਢਾਈ ਲੱਖ ਸ਼ਰਧਾਲੂ ਪਵਿੱਤਰ ਗੁਫ਼ਾ ਵਿੱਚ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ।

ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਏਗੀ। ਅਧਿਕਾਰੀਆਂ ਮੁਤਾਬਕ ਪਵਿੱਤਰ ਗੁਫ਼ਾ ਲਈ ਆਏ 18 ਸ਼ਰਧਾਲੂ, ਦੋ ਸੇਵਾਦਾਰ ਤੇ ਗੁਫ਼ਾ ਦੇ ਰਾਹ ਵਿੱਚ ਤਾਇਨਾਤ ਦੋ ਸੁਰੱਖਿਆਕਰਮੀਆਂ ਦੀ ਜਾਨ ਚਲੀ ਗਈ। ਇਸ ਦੇ ਇਲਾਵਾ 30 ਹੋਰ ਸ਼ਰਧਾਲੂ ਪੱਥਰ ਲੱਗਣ ਤੇ ਹੋਰ ਕਾਰਨਾਂ ਕਰਕੇ ਜ਼ਖ਼ਮੀ ਹੋਏ।

ਦਰਅਸਲ ਆਕਸੀਜ਼ਨ ਦੀ ਕਮੀ ਤੇ ਇਸ ਨਾਲ ਜੁੜੀਆਂ ਸਰੀਰਕ ਪਰੇਸ਼ਾਨੀਆਂ ਦੇ ਕਰਕੇ ਹਰ ਸਾਲ ਸ਼ਰਧਾਲੂਆਂ ਦੀ ਜਾਨ 'ਤੇ ਖ਼ਤਰਾ ਹੁੰਦਾ ਹੈ। ਇਸੇ ਲਈ ਯਾਤਰਾ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਫਿਟਨੈਸ ਸਰਟੀਫਿਕੇਟ ਵੀ ਲੈਣਾ ਹੁੰਦਾ ਹੈ।