ਹੁਸ਼ਿਆਰਪੁਰ: ਪੰਜਾਬ ਚੋਣ ਕਮਿਸ਼ਨ ਦੀ ਹੈਰਾਨੀਜਨਕ ਗੜਬੜੀ ਸਾਹਮਣੇ ਆ ਰਹੀ ਹੈ। ਕਮਿਸ਼ਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਪਣੇ ਚੋਣ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਪੋਸਟਰਾਂ ਤੇ ਬੈਨਰਾਂ 'ਤੇ ਨਿਰਭਿਆ ਕਾਂਡ ਦੇ ਦੋਸ਼ੀ ਦੀ ਤਸਵੀਰ ਛਾਪ ਦਿੱਤੀ ਹੈ। ਪੋਸਟਰਾਂ 'ਤੇ ਚਰਚਿਤ ਚਿਹਰਿਆਂ ਦੇ ਨਾਲ ਮੁਕੇਸ਼ ਸਿੰਘ ਦੀ ਵੀ ਫੋਟੋ ਲੱਗੀ ਹੋਈ ਹੈ।


ਦੱਸ ਦੇਈਏ ਮੁਕੇਸ਼ ਸਿੰਘ ਨੂੰ 2012 ਵਿੱਚ ਨਿਰਭਿਆ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਦਿੱਤੀ ਗਈ ਹੈ। ਇਹ ਪੋਸਟਰ ਕਥਿਤ ਤੌਰ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਚੋਣ ਅਧਿਕਾਰੀ ਵੱਲੋਂ ਲਗਵਾਏ ਗਏ ਹਨ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰ ਪਤਾ ਲਾਏਗੀ ਕਿ ਇਸ ਕੰਮ ਪਿੱਛੇ ਕਿਸ ਦਾ ਹੱਥ ਹੈ।

ਸੁੰਦਰ ਸ਼ਾਮ ਅਰੋੜਾ ਨੇ ਪਛਾਣ ਦੀ ਭੁੱਲ ਦਾ ਮਾਮਲਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਨਹੀਂ ਲਿਖਿਆ ਹੋਇਆ ਕਿ ਉਹ ਨਿਰਭਿਆ ਮਾਮਲੇ ਦਾ ਦੋਸ਼ੀ ਹੈ, ਇਸ ਲਈ ਪਛਾਣ ਦੀ ਭੁੱਲ ਦਾ ਮਾਮਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਦਾ ਪਤਾ ਲਾਉਣਗੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰ ਗ਼ਲਤੀ ਨਾਲ ਹੋ ਗਿਆ ਹੋਏਗਾ, ਕੋਈ ਅਜਿਹਾ ਜਾਣਬੁੱਝ ਕੇ ਨਹੀਂ ਕਰਦਾ। ਜਾਂਚ ਕੀਤੀ ਜਾਏਗੀ ਕਿ ਇਹ ਕਿਵੇਂ ਹੋਇਆ?