Amarnath Yatra: ਬਾਬਾ ਬਰਫਾਨੀ ਅਮਰਨਾਥ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ।ਸ਼੍ਰੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਅੱਜ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੀ ਮੀਟਿੰਗ ਹੋਈ। ਜਿਸ 'ਚ ਆਉਣ ਵਾਲੀ ਯਾਤਰਾ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਸ਼੍ਰੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਰਕਸ਼ਾ ਬੰਧਨ ਵਾਲੇ ਦਿਨ ਪਰੰਪਰਾ ਅਨੁਸਾਰ ਸਮਾਪਤ ਹੋਵੇਗੀ। ਇਸ ਸਾਲ ਸ਼ਰਧਾਲੂ ਕਰੀਬ 43 ਦਿਨ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੌਰਾਨ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ 30 ਜੂਨ ਨੂੰ ਸ਼ੁਰੂ ਹੋਣ ਵਾਲੀ ਹੈ।
2 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਬਾਬਾ ਅਮਰਨਾਥ ਦੇ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਲਈ ਇਹ ਵੱਡੀ ਖਬਰ ਹੈ। ਕਿਉਂਕਿ ਇਹ ਯਾਤਰਾ ਪਿਛਲੇ ਦੋ ਸਾਲਾਂ ਤੋਂ ਬੰਦ ਸੀ। ਸ਼ਰਾਈਨ ਬੋਰਡ ਨੇ ਦੱਸਿਆ ਕਿ ਯਾਤਰਾ 'ਤੇ ਜਾਣ ਲਈ 2 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ ਸਿਰਫ਼ 20 ਹਜ਼ਾਰ ਰਜਿਸਟ੍ਰੇਸ਼ਨਾਂ ਹੀ ਹੋਣਗੀਆਂ। ਇਸ ਤੋਂ ਇਲਾਵਾ ਯਾਤਰਾ ਦੇ ਦਿਨਾਂ ਵਿਚ ਨਿਰਧਾਰਤ ਕਾਊਂਟਰਾਂ 'ਤੇ ਮੌਕੇ 'ਤੇ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।
ਅਮਰਨਾਥ ਯਾਤਰਾ 2019 ਦੇ ਅਗਸਤ ਵਿੱਚ ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾਂ ਅੱਧ ਵਿਚਕਾਰ ਹੀ ਰੱਦ ਕਰ ਦਿੱਤੀ ਗਈ ਸੀ ਜਦੋਂ ਕਿ ਪਿਛਲੇ ਦੋ ਸਾਲਾਂ ਵਿੱਚ ਕਰੋਨਾਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਸਿਰਫ ਇੱਕ ਪ੍ਰਤੀਕਾਤਮਕ ਯਾਤਰਾ ਹੀ ਕਰਵਾਈ ਗਈ।