PM Modi Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਕਰ ਰਹੇ ਹਨ। ਪ੍ਰੋਗਰਾਮ 'ਚ ਪੀਐਮ ਮੋਦੀ ਨੇ ਭਾਰਤ 'ਚ ਬਣੀਆਂ ਚੀਜ਼ਾਂ ਦੀ ਦੁਨੀਆ 'ਚ ਮੰਗ, ਬਰਾਮਦ 'ਚ ਹਾਸਲ ਕੀਤੀ ਉਪਲੱਬਧੀ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਦਾ ਰੇਡੀਓ ਸੰਬੋਧਨ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦਾ ਹੈ। ਉਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਪ੍ਰੋਗਰਾਮ ਲਈ ਆਮ ਲੋਕਾਂ ਤੋਂ ਸੁਝਾਅ ਤੇ ਸ਼ਿਕਾਇਤਾਂ ਮੰਗੀਆਂ ਸਨ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਸ਼ਿਕਾਇਤਾਂ ਤੇ ਸੁਝਾਅ ਪੇਸ਼ ਕੀਤੇ। ਇਸ ਰੇਡੀਓ ਪ੍ਰੋਗਰਾਮ ਦਾ ਇਹ 87ਵਾਂ ਐਪੀਸੋਡ ਸੀ। ਇਸ ਦਾ ਸਿੱਧਾ ਪ੍ਰਸਾਰਣ ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪ੍ਰਧਾਨ ਮੰਤਰੀ ਦਫ਼ਤਰ (PMO) ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲ 'ਤੇ ਕੀਤਾ ਗਿਆ।



ਪੀਐਮ ਨੇ ਆਪਣੇ ਪ੍ਰੋਗਰਾਮ ਵਿੱਚ ਕਿਹਾ ਕਿ ਸਾਡੇ ਦੇਸ਼ ਨੇ 30 ਲੱਖ ਕਰੋੜ ਰੁਪਏ ਦਾ ਨਿਰਯਾਤ ਕੀਤਾ ਹੈ, ਜੋ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 400 ਅਰਬ ਡਾਲਰ ਦਾ ਨਿਰਯਾਤ ਟੀਚਾ ਹਾਸਲ ਕਰ ਲਿਆ ਹੈ। ਇਹ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਦੁਨੀਆ ਵਿਚ ਭਾਰਤੀ ਵਸਤੂਆਂ ਦੀ ਮੰਗ ਵਧ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕਿਸੇ ਸਮੇਂ ਭਾਰਤ ਤੋਂ ਬਰਾਮਦ ਦਾ ਅੰਕੜਾ 100 ਅਰਬ, ਕਦੇ 150 ਅਰਬ ਹੁੰਦਾ ਸੀ, ਅੱਜ ਭਾਰਤ 400 ਅਰਬ ਡਾਲਰ ਤੱਕ ਪਹੁੰਚ ਗਿਆ ਹੈ ਜਿਸ ਦਾ ਸਪੱਸ਼ਟ ਮਤਲਬ ਹੈ ਕਿ ਭਾਰਤ ਵਿੱਚ ਬਣੀਆਂ ਵਸਤਾਂ ਦੀ ਮੰਗ ਵਧ ਰਹੀ ਹੈ।

ਪ੍ਰਧਾਨ ਮੰਤਰੀ ਨੇ ਬਾਬਾ ਸਿਵਾਨੰਦ ਦਾ ਜ਼ਿਕਰ ਕੀਤਾ
ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਬਾਬਾ ਸਿਵਾਨੰਦ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਹਾਲ ਹੀ 'ਚ ਹੋਏ ਪਦਮ ਪੁਰਸਕਾਰਾਂ 'ਚ ਬਾਬਾ ਸ਼ਿਵਾਨੰਦ ਨੂੰ ਜ਼ਰੂਰ ਦੇਖਿਆ ਹੋਵੇਗਾ, ਉਨ੍ਹਾਂ ਦਾ ਉਤਸ਼ਾਹ ਤੇ ਫਿਟਨੈੱਸ ਦੇਖ ਕੇ ਹਰ ਕੋਈ ਹੈਰਾਨ ਸੀ। ਉਨ੍ਹਾਂ ਦੀ ਸਿਹਤ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਯੋਗਾ ਦੇ ਸ਼ੌਕੀਨ ਹਨ। ਉਨ੍ਹਾਂ ਕਿਹਾ ਕਿ ਅਸੀਂ ਦੇਖਿਆ ਹੋਵੇਗਾ ਕਿ ਕਤਰ 'ਚ ਯੋਗਾ ਪ੍ਰੋਗਰਾਮ 'ਚ 114 ਦੇਸ਼ਾਂ ਨੇ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਟਾਰਟਅੱਪ ਵਰਲਡ ਦਾ ਵੀ ਜ਼ਿਕਰ ਕੀਤਾ। 'ਮਨ ਕੀ ਬਾਤ' 'ਚ ਚੰਦਰ ਕਿਸ਼ੋਰ ਪਾਟਿਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਫਾਈ ਲਈ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ। ਉਹ ਲੋਕਾਂ ਨੂੰ ਗੋਦਾਵਰੀ ਨਦੀ ਵਿੱਚ ਕੂੜਾ ਸੁੱਟਣ ਤੋਂ ਰੋਕਦੇ ਹਨ। ਉਨ੍ਹਾਂ ਕਿਹਾ ਕਿ ਪਾਟਿਲ ਜੀ ਦਾ ਇਹ ਕੰਮ ਲੋਕਾਂ ਲਈ ਪ੍ਰੇਰਨਾ ਸਰੋਤ ਹੈ।

ਪਾਣੀ ਦੀ ਸੰਭਾਲ ਬਾਰੇ ਗੱਲ ਕੀਤੀ
ਪੀਐਮ ਨੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਲੋਕ ਪਾਣੀ ਦੀ ਸੰਭਾਲ ਉੱਤੇ ਬਹੁਤ ਕੰਮ ਕਰ ਰਹੇ ਹਨ। ਉਨ੍ਹਾਂ ਮਹਾਰਾਸ਼ਟਰ ਦੇ ਰੋਹਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਸੈਂਕੜੇ ਪੌੜੀਆਂ ਵਾਲੇ ਖੂਹਾਂ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਪਾਣੀ ਦੀ ਸੰਭਾਲ ਦਾ ਕੰਮ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਅਜਿਹੇ ਰਾਜ ਤੋਂ ਆਇਆ ਹਾਂ ਜਿੱਥੇ ਹਮੇਸ਼ਾ ਪਾਣੀ ਦੀ ਕਮੀ ਰਹੀ ਹੈ। ਗੁਜਰਾਤ ਵਿੱਚ ਇਹਨਾਂ ਪੌੜੀਆਂ (Stepwells) ਨੂੰ ਵਾਵ ਕਿਹਾ ਜਾਂਦਾ ਹੈ। ਵਾਵ ਨੇ ਗੁਜਰਾਤ ਵਰਗੇ ਸੂਬੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ। 'ਜਲ ਮੰਦਰ ਯੋਜਨਾ' ਨੇ ਇਨ੍ਹਾਂ ਖੂਹਾਂ ਜਾਂ ਪੌੜੀਆਂ ਦੀ ਸੁਰੱਖਿਆ ਲਈ ਬਹੁਤ ਵੱਡੀ ਭੂਮਿਕਾ ਨਿਭਾਈ ਹੈ।