ਈ–ਕਾਮਰਸ ਕੰਪਨੀ ਅਮੇਜ਼ਨ ਇੰਡੀਆ ਨੇ ਅੱਜ ਅਮੇਜ਼ਨ ਫਲੈਕਸ ਨਾਂਅ ਦਾ ਨਵਾਂ ਪ੍ਰੋਗਰਾਮ ਐਲਾਨਿਆ ਹੈ। ਇਸ ਤਹਿਤ ਕੰਪਨੀ ਹੁਣ ਦੇਸ਼ ਭਰ ਵਿੱਚ ਉਤਪਾਦਾਂ ਦੀ ਡਿਲੀਵਰੀ ਤੇਜ਼ ਕਰਨ ਲਈ ਪਾਰਟ–ਟਾਈਮ ਭਾਈਵਾਲਾਂ ਨੂੰ ਆਪਣੇ ਨਾਲ ਜੋੜੇਗੀ। ਇਹ ਸੇਵਾ ਕੰਪਨੀ ਨੇ ਖ਼ਾਸ ਤੌਰ 'ਤੇ ਵਿਦਿਆਰਥੀਆਂ ਤੇ ਸੁਆਣੀਆਂ ਨੂੰ ਕੇਂਦਰਤ ਕਰਨ ਲਈ ਸ਼ੁਰੂ ਕੀਤੀ ਹੈ।

‘ਅਮੇਜ਼ਨ ਫ਼ਲੈਕਸ’ ਤਹਿਤ ਕੋਈ ਵੀ ਵਿਅਕਤੀ ਕੰਪਨੀ ਨਾਲ ਜੁੜ ਸਕਦਾ ਹੈ। ਉਸ ਤੋਂ ਬਾਅਦ ਉਸ ਨੂੰ ਖ਼ੁਦ ਆਪਣੇ ਕੰਮ ਦਾ ਸਮਾਂ ਨਿਰਧਾਰਤ ਕਰਨਾ ਹੋਵੇਗਾ ਤੇ ਐਮੇਜ਼ੌਨ ਵੱਲੋਂ ਪੈਕੇਜ ਡਿਲੀਵਰੀ ਕਰ ਕੇ ਹਰ ਘੰਟੇ 120 ਤੋਂ 140 ਰੁਪਏ ਦੀ ਕਮਾਈ ਕਰ ਸਕਦਾ ਹੈ।



ਕੰਪਨੀ ਨੇ ਦੱਸਿਆ ਕਿ ਅਮੇਜ਼ਨ ਫ਼ਲੈਕਸ ਨੂੰ ਹਾਲੇ ਬੈਂਗਲੁਰੂ, ਮੁੰਬਈ ਤੇ ਦਿੱਲੀ ’ਚ ਸ਼ੁਰੂ ਕੀਤਾ ਗਿਆ ਹੈ ਤੇ ਇਸ ਵਰ੍ਹੇ ਦੇ ਅੰਤ ਤਕ ਇਸ ਨੂੰ ਹੋਰ ਸਹਿਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਐਪ ਰਾਹੀਂ ਕੰਮ ਕਰਨ ਵਾਲਾ ਇਹ ਪ੍ਰੋਗਰਾਮ ਹਜ਼ਾਰਾਂ ਲੋਕਾਂ ਲਈ ਪਾਰਟ–ਟਾਈਮ ਮੌਕੇ ਪੈਦਾ ਕਰੇਗਾ।

ਅਮੇਜ਼ਨ ਫ਼ਲੈਕਸ ਐਡਵਾਂਸਡ ਲੌਜਿਸਟਿਕ ਸਿਸਟਮ ਤੇ ਤਕਨਾਲੋਜੀ 'ਤੇ ਕੰਮ ਕਰਦਾ ਹੈ, ਜਿਸ ਨੂੰ ਕੰਪਨੀ ਨੇ ਹੀ ਤਿਆਰ ਕੀਤਾ ਹੈ। ਅਮੇਜ਼ਨ ਮੁਤਾਬਕ ਹਰੇਕ ਡਿਲੀਵਰੀ ਪਾਰਟਨਰ ਆਪਣੇ ਪਿਛੋਕੜ ਦੀ ਵੈਰੀਫ਼ਿਕੇਸ਼ਨ ਵਿੱਚੋਂ ਲੰਘੇਗਾ ਤੇ ਪੈਕੇਜ ਦੀ ਡਿਲੀਵਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।