ਚੰਡੀਗੜ੍ਹ: ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਹਮਲੇ ਬਾਅਦ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹਵਾਈ ਹਮਲੇ ਦੌਰਾਨ 250 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮਮਤਾ ਬੈਨਰਜੀ ਤੇ ਰਾਹੁਲ ਗਾਂਧੀ ਨੂੰ ਸਸਤੀ ਸਿਆਸਤ ਕਰਨ ਤੋਂ ਬਚਣਾ ਚਾਹੀਦਾ ਹੈ।

‘ਏਬੀਪੀ ਨਿਊਜ਼’ ਦੇ ਸ਼ਿਖਰ ਸੰਮੇਲਨ ਵਿੱਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਪਾਕਿਸਤਾਨ ਅੱਜ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਲੱਗ-ਥਲੱਗ ਪਿਆ ਹੈ ਅਤੇ ਇਹ ਬੀਜੇਪੀ ਦੀ ਅੱਤਵਾਦ ਖਿਲਾਫ ਕੂਟਨੀਤੀ ਦੀ ਜਿੱਤ ਹੈ। ਉਨ੍ਹਾਂ ਕਿਹਾ ਸੀ ਕਿ ਇਮਰਾਨ ਖਾਨ ਸ਼ਾਂਤੀ ਦੀ ਗੱਲ ਨਾ ਕਰਨ, ਸਿਰਫ ਜਵਾਨਾਂ ਦੀ ਸ਼ਹਾਦਤ ’ਤੇ ਦੁੱਖ ਜਤਾ ਦੇਣ ਅਤੇ 10 ਦਿਨਾਂ ਅੰਦਰ ਮਸੂਦ ਅਜ਼ਹਰ ਨੂੰ ਜੇਲ੍ਹ ਵਿੱਚ ਡੱਕ ਦੇਣ। ਦੱਸ ਦੇਈਏ ਕਿ ਕੱਲ੍ਹ ਤੋਂ ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਦੀ ਮੌਤ ਦੀਆਂ ਖ਼ਬਰਾਂ ਵੀ ਆ ਰਹੀਆਂ ਹੈ।


ਜ਼ਿਕਰਯੋਗ ਹੈ ਕਿ ਏਅਰ ਸਟ੍ਰਾਈਕ ਬਾਅਦ ਮੀਡੀਆ ਖ਼ਬਰਾਂ ਵਿੱਚ 350 ਤੋਂ ਵੱਧ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਸਬੰਧੀ ਕਿਸੇ ਤਰ੍ਹਾਂ ਦਾ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ। ਪਰ ਅਮਿਤ ਸ਼ਾਹ ਨੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਕਿ ਏਅਰ ਸਟ੍ਰਾਈਕ ਵਿੱਚ 250 ਤੋਂ ਵੱਧ ਅੱਤਵਾਦੀ ਹਲਾਕ ਹੋਏ ਹਨ।