ਨਵੀਂ ਦਿੱਲੀ: ਰੂਸੀ ਕੰਪਨੀ ਨਾਲ ਭਾਰਤ ਨੇ ਆਧੁਨਿਕ ਏਕੇ-203 ਬੰਦੂਕਾਂ ਖਰੀਦਣ ਦਾ ਇਕਰਾਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬੰਦੂਕਾਂ ਭਾਰਤ ਵਿੱਚ ਤਿਆਰ ਕੀਤੀਆਂ ਜਾਣਗੀਆਂ। ਏਕੇ-203 ਸਵੈਚਾਲੀ ਬੰਦੂਕ ਮਸ਼ਹੂਰ ਏਕੇ-47 ਦਾ ਆਧੁਨਿਕ ਰੂਪ ਹੈ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਭਾਰਤ-ਰੂਸ ਦੇ ਸਾਂਝੇ ਉਪਰਾਲੇ ਸਕਦਾ ਸਥਾਪਤ ਕੀਤੀ ਕੋਰਵਾ ਅਸਲਾ ਫੈਕਟਰੀ ਦਾ ਉਦਘਾਟਨ ਕੀਤਾ।


ਇਸੇ ਕਾਰਖਾਨੇ ਵਿੱਚ ਆਟੋਮੈਟਿਕ ਏਕੇ 203 ਰਾਈਫਲ ਬਣਾਈ ਜਾਵੇਗੀ। ਪਹਿਲੇ ਗੇੜ ਵਿੱਚ ਸਾਢੇ ਸੱਤ ਲੱਖ ਬੰਦੂਕਾਂ ਤਿਆਰ ਕੀਤੀਆਂ ਜਾਣਗੀਆਂ, ਜੋ ਫ਼ੌਜ ਨੂੰ ਦਿੱਤੀਆਂ ਜਾਣਗੀਆਂ। ਰੱਖਿਆ ਮੰਤਰਾਲੇ ਮੁਤਾਬਕ ਇਹ ਬੰਦੂਕ ਭਾਰਤੀ ਫ਼ੌਜਾਂ ਕੋਲ ਪ੍ਰਚਲਿਤ ਇੰਸਾਸ ਰਾਈਫਲ ਦਾ ਬਦਲ ਹੋਵੇਗੀ। ਫ਼ੌਜ ਤੋਂ ਬਾਅਦ ਹੌਲੀ-ਹੌਲੀ ਇਹ ਬੰਦੂਕ ਹਵਾਈ ਫ਼ੌਜ ਤੇ ਜਲ ਸੈਨਾ ਨੂੰ ਵੀ ਦਿੱਤੀ ਜਾਵੇਗੀ।


15 ਤੋਂ 20 ਸਾਲ ਤਕ ਚੱਲਣ ਵਾਲੇ ਇਸ ਪ੍ਰਾਜੈਕਟ ਵਿੱਚ ਭਾਰਤ ਦੇ ਹਰ ਹਥਿਆਰਬੰਦ ਸੁਰੱਖਿਆ ਬਲ ਨੂੰ ਏਕੇ 203 ਬੰਦੂਕ ਨਾਲ ਲੈਸ ਕਰਨ ਦਾ ਟੀਚਾ ਹੈ। ਮੰਤਰਾਲੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਹ ਬੰਦੂਕ ਸੁਰੱਖਿਆ ਕਰਮੀਆਂ ਦਾ ਸਟੈਂਡਰਡ ਹਥਿਆਰ ਹੋਵੇਗੀ। ਏਕੇ 203 ਦੇ ਨਾਲ ਨਾਲ ਖ਼ਤਰਨਾਕ ਆਪ੍ਰੇਸ਼ਨ ਨੂੰ ਸਿਰੇ ਚਾੜ੍ਹਨ ਲਈ ਸੁਰੱਖਿਆ ਦਸਤਿਆਂ ਨੂੰ ਅਮਰੀਕੀ Sig Sauer ਬੰਦੂਕ ਵੀ ਦਿੱਤੀ ਜਾਵੇਗੀ। ਸਰਕਾਰ ਨੇ ਇਸ ਬਾਬਤ ਇਕਰਾਰ ਪੂਰਾ ਕਰ ਲਿਆ ਹੈ।