ਨਵੀਂ ਦਿੱਲੀ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਬੰਗਾਲ ਰਾਜਨੀਤੀ ਦੇ ਭਵਿੱਖ ਨਾਲ ਜੁੜੀ ਗੱਲਬਾਤ ਕਰਦਿਆਂ ਕਿਹਾ ਕਿ ਬੰਗਾਲ 'ਚ ਬੀਜੇਪੀ ਦੀ ਜ਼ੋਰਦਾਰ ਦਸਤਕ ਲਈ ਉਹ ਹਰ ਮਹੀਨੇ ਕਲਕੱਤੇ ਜਾਣਗੇ ਤੇ ਸੂਬੇ ਦੀਆਂ 22 ਸੀਟਾਂ ਹਰ ਹਾਲ 'ਚ ਜਿੱਤਣਗੇ।


ਆਨੰਦ ਬਾਜ਼ਾਰ ਪੱਤ੍ਰਿਕਾ ਨਾਲ ਗੱਲਬਾਤ ਕਰਦਿਆਂ ਸ਼ਾਹ ਨੇ ਕਿਹਾ ਕਿ ਉਹ ਹਰ ਮਹੀਨੇ ਤਿੰਨ ਦਿਨ ਬੰਗਾਲ ਰਹਿਣਗੇ ਤੇ ਇਸ ਲਈ ਕਮਰਾ ਕਿਰਾਏ 'ਤੇ ਲੈਣ ਦੀ ਸੋਚ ਰਹੇ ਹਨ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਨਾਲ ਕਾਫੀ ਲਗਾਅ ਦਿਖਾਇਆ ਹੈ ਤੇ ਹੁਣ ਪਾਰਟੀ ਵੱਲੋਂ ਲੋਕਾਂ ਪ੍ਰਤੀ ਵੀ ਲਗਾਅ ਜ਼ਾਹਰ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਉਹ ਪੱਛਮੀ ਬੰਗਾਲ 'ਚ ਵਿਕਾਸ ਕਰਕੇ ਲੋਕਾਂ ਪ੍ਰਤੀ ਇਹ ਲਗਾਅ ਦਿਖਾਉਣਗੇ। ਸ਼ਾਹ ਨੇ ਕਿਹਾ ਕਿ ਸੂਬੇ ਦਾ ਵਿਕਾਸ ਹੋਵੇਗਾ ਤੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਜਿਸ ਨਾਲ ਸੂਬੇ ਦਾ ਵੱਕਾਰ ਉੱਚਾ ਉੱਠੇਗਾ।


ਸ਼ਾਹ ਨੇ ਕਿਹਾ ਕਿ ਸੂਬੇ 'ਚ ਮਿਸ ਕਾਲ ਜ਼ਰੀਏ ਮੈਂਬਰਸ਼ਿਪ ਡ੍ਰਾਇਵ ਚਲਾਇਆ ਜਾ ਰਿਹਾ ਹੈ ਤੇ ਇਸ ਲਈ ਬੀਜੇਪੀ ਹਰ ਬੂਥ ਤੱਕ ਪਹੁੰਚ ਰਹੀ ਹੈ। ਫਿਰਕੂ ਰਾਜਨੀਤੀ ਦੇ ਦੋਸ਼ਾਂ 'ਤੇ ਸ਼ਾਹ ਨੇ ਕਿਹਾ ਕਿ ਬੀਜੇਪੀ ਸਭ ਦਾ ਵਿਕਾਸ ਚਾਹੁੰਦੀ ਹੈ ਪਰ ਮਮਤਾ ਬੈਨਰਜੀ ਇਕਪਾਸੜ ਰਾਜਨੀਤੀ ਕਰਦੀ ਹੈ।
ਦੱਸ ਦੇਈਏ ਕਿ ਆਸਾਮ 'ਚ ਐਨਆਰਸੀ ਨਾਲ 40 ਲੱਖ ਤੋਂ ਵੱਧ ਲੋਕਾਂ ਦੇ ਨਾਂਅ ਬਾਹਰ ਹੋਣ ਤੋਂ ਬਾਅਦ ਨਾਗਰਿਕਤਾ ਵਿਵਾਦ ਨੂੰ ਲੈਕੇ ਮਮਤਾ ਬੀਜੇਪੀ ਆਹਮੋ-ਸਾਹਮਣੇ ਹਨ। ਮਮਤਾ ਨੂੰ ਵਿਰੋਧੀ ਧਿਰ ਦਾ ਚਿਹਰਾ ਬਣਾਉਣ ਦੀ ਚਰਚਾ ਦੇ ਚੱਲਦਿਆਂ ਅਮਿਤ ਸ਼ਾਹ 11 ਅਗਸਤ ਨੂੰ ਬੰਗਾਲ ਦੌਰੇ 'ਤੇ ਜਾਣਗੇ।