ਗੁਪਕਾਰ ਸਮੂਹ 'ਤੇ ਅਮਿਤ ਸ਼ਾਹ ਦਾ ਹਮਲਾ, ਗ੍ਰਹਿ ਮੰਤਰੀ ਨੇ ਦਿੱਤੀ ਵੱਡੀ ਧਮਕੀ
ਏਬੀਪੀ ਸਾਂਝਾ | 17 Nov 2020 04:15 PM (IST)
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੇ ਗੁਪਕਾਰ ਸਮੂਹ ‘ਤੇ ਵੱਡਾ ਹਮਲਾ ਬੋਲਿਆ।

ਨਵੀਂ ਦਿੱਲੀ: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੇ ਗੁਪਕਾਰ ਸਮੂਹ ‘ਤੇ ਵੱਡਾ ਹਮਲਾ ਬੋਲਿਆ। ਅਮਿਤ ਸ਼ਾਹ ਨੇ ਗੁਪਕਾਰ ਸਮੂਹ ਨੂੰ ‘ਗੁਪਕਾਰ ਗੈਂਗ’ ਦੱਸਿਆ। ਉਸ ਨੇ ਕਾਂਗਰਸ ਲੀਡਰਸ਼ਿਪ ਨੂੰ ਇਹ ਸਵਾਲ ਪੁੱਛਿਆ ਹੈ ਕਿ ਇਹ ਗਿਰੋਹ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਦਾ ਦਖਲ ਚਾਹੁੰਦਾ ਹੈ, ਸਾਡੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਦਾ ਹੈ? ਕੀ ਸੋਨੀਆ ਤੇ ਰਾਹੁਲ ਗਾਂਧੀ ਇਸ ਦਾ ਸਮਰਥਨ ਕਰਦੇ ਹਨ? ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਗੁਪਕਾਰ ਗੈਂਗ ਨੂੰ ਦੱਸਣਾ ਚਾਹੁੰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਮੂਡ ਨਾਲ ਚੱਲਣਾ ਚਾਹੀਦਾ ਹੈ, ਨਹੀਂ ਤਾਂ ਉਹ ਖਤਮ ਹੋ ਜਾਣਗੇ। ਅਮਿਤ ਸ਼ਾਹ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਤੇ ਸਮੂਹ ਦੇ ਨੇਤਾਵਾਂ ਤੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ। ਗ੍ਰਹਿ ਮੰਤਰੀ ਨੇ ਕਿਹਾ, “ਗੁਪਕਾਰ ਗੈਂਗ ਗਲੋਬਲ ਹੋ ਰਿਹਾ ਹੈ, ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਦਖਲਅੰਦਾਜ਼ੀ ਕਰਨ, ਗੁਪਕਾਰ ਗਰੋਹ ਭਾਰਤ ਦੇ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦਾ ਹੈ, ਕੀ ਸੋਨੀਆ ਜੀ ਤੇ ਰਾਹੁਲ ਜੀ ਗੁਪਕਾਰ ਗਰੋਹ ਦੇ ਅਜਿਹੇ ਕਦਮਾਂ ਦਾ ਸਵਾਗਤ ਕਰਦੀ ਹੈ? ਉਨ੍ਹਾਂ ਨੂੰ ਆਪਣਾ ਪੱਖ ਪੂਰੀ ਤਰ੍ਹਾਂ ਸਪੱਸ਼ਟ ਕਰਨਾ ਚਾਹੀਦਾ ਹੈ।" ਅਮਿਤ ਸ਼ਾਹ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ, “ਕਾਂਗਰਸ ਤੇ ਗੁਪਕਾਰ ਗਰੋਹ ਜੰਮੂ-ਕਸ਼ਮੀਰ ਨੂੰ ਦਹਿਸ਼ਤ ਤੇ ਗੜਬੜ ਦੇ ਦੌਰ ਵਿੱਚ ਵਾਪਸ ਲਿਆਉਣਾ ਚਾਹੁੰਦੇ ਹਨ। ਉਹ ਦਲਿਤਾਂ ਤੇ ਔਰਤਾਂ ਦੇ ਹੱਕਾਂ ਨੂੰ ਵਾਪਸ ਲੈਣਾ ਚਾਹੁੰਦੇ ਹਨ, ਜਿਸ ਨੂੰ ਅਸੀਂ ਧਾਰਾ 370 ਖਤਮ ਕਰਕੇ ਯਕੀਨੀ ਬਣਾਇਆ ਹੈ। ਇਸੇ ਲਈ ਹਰ ਜਗ੍ਹਾ ਉਨ੍ਹਾਂ ਤੋਂ ਨਕਾਰਿਆ ਜਾ ਰਿਹਾ ਹੈ। ”