ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚਲਾ ਸਿਆਸੀ ਸੰਕਟ ਵਧਦਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਬਦਲਣ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪੀਕਰ ਨੂੰ ਨਵੇਂ ਵਿਰੋਧੀ ਧਿਰ ਦੇ ਲੀਡਰ ਦੀ ਚੋਣ ਲਈ 15 ਵਿਧਾਇਕਾਂ ਦੀ ਸਹਿਮਤੀ ਲੈਣ ਦੀ ਗੱਲ ਕਹੀ ਸੀ। ਹੁਣ ਉਨ੍ਹਾਂ ਵਿੱਚੋਂ ਤਿੰਨ ਵਿਧਾਇਕ ਖਹਿਰਾ ਨਾਲ ਡਟੇ ਹੋਏ ਹਨ। ਇਸ ਨਾਲ ਕੇਜਰੀਵਾਲ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਪਿਛਲੇ ਦਿਨਾਂ ਖਹਿਰਾ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਵਿਧਾਇਕ ਅਜਿਹੇ ਸਨ, ਜਿਨ੍ਹਾਂ ਦੇ ਨਾਂ ਕੇਜਰੀਵਾਲ ਨੇ ਸਪੀਕਰ ਨੂੰ ਨਵੇਂ ਵਿਰੋਧੀ ਧਿਰ ਦੇ ਲੀਡਰ ਦੀ ਚੋਣ ਦੀ ਸਹਿਮਤੀ ਲਈ ਲਿਖੀ ਚਿੱਠੀ ਵਿੱਚ ਸ਼ਾਮਲ ਕੀਤੇ ਸਨ। ਇਨ੍ਹਾਂ ਵਿੱਚ ਪਰਮਲ ਸਿੰਘ ਖਾਲਸਾ, ਰੁਪਿੰਦਰ ਕੌਰ ਰੂਬੀ ਤੇ ਕਿਸ਼ਨ ਰੋੜੀ ਸ਼ਾਮਲ ਹਨ।

ਤਿਨਾਂ ਵਿਧਾਇਕਾਂ ਵਿੱਚ ਪਰਮਲ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਕੇਜਰੀਵਾਲ ਵੱਲੋਂ ਵਿਰੋਧ ਧਿਰ ਦੇ ਨੇਤਾ ਨੂੰ ਬਦਲਣ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਵਟਸਐਪ ਮੈਸੇਜ ਆਇਆ ਸੀ, ਜਿਸ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਬਦਲਣ ਦੇ ਸਾਰੇ ਹੱਕ ਕੇਜਰੀਵਾਲ ਨੂੰ ਦੇਣ ਦੀ ਗੱਲ ਕਹੀ ਗਈ ਸੀ। ਇਸ ਦੇ ਨਾਲ ਭੇਜੀ ਚਿੱਠੀ ’ਤੇ ਆਪਣੇ ਹਸਤਾਖ਼ਰ ਕਰਨ ਲਈ ਕਿਹਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਖਹਿਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਹਰਪਾਲ ਚੀਮਾ ਨੂੰ ਨਵਾਂ ਵਿਰੋਧੀ ਧਿਰ ਦਾ ਲੀਡਰ ਥਾਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਖਹਿਰਾ ਜਾਂ ਚੀਮਾ ਵਿੱਚੋਂ ਕਿਸੇ ਨੂੰ ਵੀ ਲੀਡਰ ਥਾਪ ਸਕਦਾ ਹੈ ਪਰ ਉਨ੍ਹਾਂ ਦਾ ਇਹ ਤਰੀਕਾ ਗ਼ਲਤ ਸੀ। ਇੰਨੀ ਵੀ ਕੀ ਜਲਦੀ ਸੀ ਕਿ ਵਿਧਾਇਕਾਂ ਦੀ ਬੈਠਕ ਕਰ ਕੇ ਉਨ੍ਹਾਂ ਦੀ ਸਹਿਮਤੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ।