ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਪ੍ਰਧਾਨ ਆਰਐਸ ਸ਼ਰਮਾ ਨੇ ਆਧਾਰ ਦੀ ਸੁਰੱਖਿਆ ’ਦਾ ਪੁਖ਼ਤਾ ਦਾਅਵਾ ਕਰਦਿਆਂ ਆਪਣਾ 12 ਅੰਕਾਂ ਦਾ ਆਧਾਰ ਨੰਬਰ ਜਾਰੀ ਕਰਦਿਆਂ ਕਿਹਾ ਸੀ ਕਿ ਜੇ ਇਸ ਨਾਲ ਸੁਰੱਖਿਆ ਸਬੰਧੀ ਕੋਈ ਖ਼ਤਰਾ ਹੈ, ਤਾਂ ਕੋਈ ਮੇਰੇ ਅੰਕੜੇ ਲੀਕ ਕਰਕੇ ਵਿਖਾਏ। ਉਨ੍ਹਾਂ ਦੀ ਇਸ ਚੁਣੌਤੀ ਦੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਅੰਕੜੇ ਲੀਕ ਹੋ ਗਏ।
ਐਲੀਅਟ ਐਲਡਸਨ ਨਾਂ ਦੇ ਫਰਾਂਸ ਦੇ ਸੁਰੱਖਿਆ ਮਾਹਰ ਨੇ ਆਪਣੇ ਟਵਿੱਟਰ ਹੈਂਡਲ ‘ਐਟ ਐਫਐਸਓਸੀ 131 ਵਾਈ’ ਤੋਂ ਟਵੀਟ ਕੀਤੇ ਜਿਸ ਵਿੱਚ ਉਸ ਨੇ ਆਰਐਸ ਸ਼ਰਮਾ ਦੇ ਨਿੱਜੀ ਜੀਵਨ ਸਬੰਧੀ ਕਈ ਅੰਕੜੇ ਜਾਰੀ ਕਰ ਦਿੱਤੇ। ਇਨ੍ਹਾਂ ਵਿੱਚ ਸ਼ਰਮਾ ਦੇ 12 ਅੰਕਾਂ ਵਾਲਾ ਆਧਾਰ ਨੰਬਰ, ਉਨ੍ਹਾਂ ਦਾ ਨਿੱਜੀ ਪਤਾ, ਜਨਮ ਤਰੀਕ, ਫੋਨ ਨੰਬਰ ਆਦਿ ਸ਼ਾਮਲ ਹੈ।
ਐਲਡਸਨ ਨੇ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਆਧਾਰ ਨੰਬਰ ਅਸੁਰੱਖਿਅਤ ਹੈ। ਇਸ ਜ਼ਰੀਏ ਲੋਕ ਤੁਹਾਡਾ ਨਿੱਜੀ ਪਤਾ, ਫੋਨ ਨੰਬਰ ਤੇ ਹੋਰ ਵੀ ਕਈ ਜਾਣਕਾਰੀਆਂ ਹਾਸਲ ਕਰ ਸਕਦੇ ਹਨ। ਉਸ ਨੇ ਉਮੀਦ ਜਤਾਈ ਕਿ ਸ਼ਰਮਾ ਸਮਝ ਗਏ ਹੋਣਗੇ ਕਿ ਆਪਣਾ ਆਧਾਰ ਨੰਬਰ ਜਨਤਕ ਕਰਨਾ ਚੰਗਾ ਵਿਚਾਰ ਨਹੀਂ।
ਐਲਡਸਨ ਨੇ ਆਧਾਰ ਨੰਬਰ ਦੀ ਮਦਦ ਨਾਲ ਸ਼ਰਮਾ ਦੀਆਂ ਨਿੱਜੀ ਫੋਟੋਆਂ ਤਕ ਕੱਢ ਲਈਆਂ। ਉਸ ਨੇ ਉਨ੍ਹਾਂ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਤਸਵੀਰ ਉਨ੍ਹਾਂ ਦੀ ਪਤਨੀ ਤੇ ਧੀ ਦੀ ਹੈ।
ਯਾਦ ਰਹੇ ਕਿ ਐਲਡਸਨ ਆਧਾਰ ਡੇਟਾ ਪ੍ਰਣਾਲੀ ਨਾਲ ਜੁੜੀਆਂ ਖ਼ਾਮੀਆਂ ਦੀ ਪੋਲ ਖੋਲ੍ਹਣ ਲਈ ਜਾਣਿਆ ਜਾਂਦਾ ਹੈ। ਉਸ ਨੇ ਸ਼ਰਮਾ ਦੀ ਸਾਰੀ ਨਿੱਜੀ ਜਾਣਕਾਰੀ ਜਨਤਕ ਕਰ ਦਿੱਤੀ, ਹਾਲਾਂਕਿ ਕੁਝ ਸੰਵੇਦਨਸ਼ੀਲ ਹਿੱਸਿਆਂ ਨੂੰ ਬਲੱਰ ਕਰ ਦਿੱਤਾ ਸੀ ਤਾਂ ਕਿ ਉਨ੍ਹਾਂ ਦੀ ਨਿੱਜਤਾ ਨੂੰ ਕੋਈ ਨੁਕਸਾਨ ਨਾ ਪੁੱਜੇ। ਉਸ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਸ਼ਰਮਾ ਦਾ ਪੈਨ ਕਾਰਡ ਵੀ ਸ਼ਾਮਲ ਸੀ। ਹਾਲਾਂਕਿ ਪੈਨ ਨੰਬਰ ਬਲੱਰ ਕੀਤਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਸ਼ਰਮਾ, ਆਧਾਰ ਯੋਜਨਾ ਦੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਹਾਲ਼ੇ ਵੀ ਉਹ ਮੰਨਦੇ ਹਨ ਕਿ ਆਧਾਰ ਨੰਬਰ ਕਿਸੇ ਦੀ ਨਿੱਜਤਾ ਦਾ ਉਲੰਘਣ ਨਹੀਂ ਕਰਦਾ ਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਦਸਤਾਵੇਜ਼ ਬਣਾਉਣ ਦਾ ਅਧਿਕਾਰ ਹੈ।
ਆਧਾਰ ਸਬੰਧੀ ਨਿੱਜਤਾ ਦੀ ਸੁਰੱਖਿਆ ਦਾ ਮਾਮਲਾ ਸੁਪਰੀਮ ਕੋਰਟ ਤਕ ਪੁੱਜ ਚੁੱਕਾ ਹੈ। ਅਫ਼ਸਰਾਂ ਤੋਂ ਲੈ ਕੇ ਆਮ ਜਨਤਾ ਨੂੰ ਵੀ ਡਰ ਹੈ ਕਿ ਉਨ੍ਹਾਂ ਦਾ 12 ਨੰਬਰਾਂ ਨੰਬਰਾਂ ਵਾਲਾ ਬਾਇਓਮੀਟਰਿਕ ਨੰਬਰ ਕਿਤੇ ਨਿੱਜਤਾ ’ਤੇ ਸਵਾਲ ਨਾ ਖੜ੍ਹੇ ਕਰ ਦੇਵੇ।