ਨਵੀਂ ਦਿੱਲੀ: ਅੰਮ੍ਰਿਤਸਰ ਵਿੱਚ 59 ਜਣਿਆਂ ਦੀ ਮੌਤ ਲਈ ਜ਼ਿੰਮੇਵਾਰ ਕੌਣ ਹੈ? ਇਸ ਸਵਾਲ ਦਾ ਜਵਾਬ ਹਾਲੇ ਤਕ ਨਹੀਂ ਮਿਲਿਆ। ਪ੍ਰਸ਼ਾਸਨਿਕ ਅਧਿਕਾਰੀ ਹੁਣ ਤਕ ਇਸ ਸਵਾਲ ਤੋਂ ਮੂੰਹ ਫੇਰ ਰਹੇ ਹਨ। ਰੇਲਵੇ ਨੇ ਆਪਣੇ-ਆਪ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਆਮ ਲੋਕ ਰਾਮਲੀਲਾ ਕਰਾਉਣ ਵਾਲੇ ਨੂੰ ਹੀ ਦੋਸ਼ੀ ਮੰਨ ਰਹੇ ਹਨ। ਰਾਮਲੀਲਾ ਦੀ ਪ੍ਰਬੰਧਕ ਕਾਂਗਰਸ ਦੀ ਕੌਂਸਲਰ ਵਿਜੈ ਮਦਾਨ ਸੀ। ਵਿਜੈ ਦੇ ਪਤੀ ਸੌਰਭ ਮਦਾਨ ਉਰਫ ਮਿੱਠੂ ਮਦਾਨ ਨੇ ਪ੍ਰੋਗਰਾਮ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਹੁਣ ਉਹ ਦੋਵੇਂ ਫਰਾਰ ਹਨ।
ਕੱਲ੍ਹ ਰਾਵਣ ਦਹਿਨ ਲਈ ਮਦਾਨ ਨੇ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ। ਉਹ ਮੰਚ ’ਤੇ ਮੌਜੂਦ ਸਨ। ਇਸੇ ਦੌਰਾਨ ਸੌਰਭ ਨੇ ਨਵਜੋਤ ਕੌਰ ਦੀਆਂ ਤਾਰੀਫ਼ਾਂ ਦੇ ਖ਼ੂਬ ਪੁਲ਼ ਬੰਨ੍ਹੇ। ਨਵਜੋਤ ਦੇ ਦਾਅਵਿਆਂ ਮੁਤਾਬਕ ਹਾਦਸੇ ਤੋਂ ਠੀਕ ਪਹਿਲਾਂ ਉਹ ਉਥੋਂ ਚਲੇ ਗਏ ਸਨ।
ਨਵਜੋਤ ਕੌਰ ਦੇ ਜਾਣ ਤੋਂ ਬਾਅਦ ਲਾਗਿਓਂ ਗੁਜ਼ਰ ਰਹੀ ਰੇਲ ਨੇ ਸੈਂਕੜੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਾਰੇ ਰੇਲਵੇ ਪਟਰੀਆਂ ’ਤੇ ਖੜੋ ਕੇ ਰਾਵਣ ਦਹਿਨ ਦੇਖ ਰਹੇ ਸਨ। ਪਟਾਕਿਆਂ ਦੀ ਆਵਾਜ਼ ਵਿੱਚ ਰੇਲਗੱਡੀ ਦੀ ਆਵਾਜ਼ ਨਹੀਂ ਸੁਣੀ ਤੇ ਪਟਰੀਆਂ ਉੱਤੇ ਖੜੋਤੇ ਕਈ ਲੋਕ ਰੇਲਗੱਡੀ ਹੇਠਾਂ ਕੁਚਲੇ ਗਏ।
ਰੇਲਵੇ ਦਾ ਕਹਿਣਾ ਹੈ ਕਿ ਜੇ ਸਥਾਨਕ ਪ੍ਰਸ਼ਾਸਨ ਪਹਿਲਾਂ ਹੀ ਇਸਦੀ ਸੂਚਨਾ ਦੇ ਦਿੰਦਾ ਤਾਂ ਹਾਦਸਾ ਟਾਲ਼ਿਆ ਜਾ ਸਕਦਾ ਸੀ। ਘਟਨਾ ਦਾ ਜਾਇਜ਼ਾ ਲੈਣ ਪੁੱਜੇ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿੰਨ੍ਹਾ ਨੇ ਕਿਹਾ ਕਿ ਦੁਰਘਟਨਾ ਲਈ ਉਨ੍ਹਾਂ ਦਾ ਮੰਤਰਾਲਾ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੌੜਾ ਫਾਟਕ ਨਜ਼ਦੀਕ ਦੁਸਹਿਰਾ ਪ੍ਰੋਗਰਾਮ ਲਈ ਪ੍ਰਸ਼ਾਸਨ ਤੇ ਪ੍ਰਬੰਧਕਾਂ ਨੇ ਰੇਲਵੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਹਾਦਸੇ ਦੇ ਬਾਅਦ ਮਿੱਠੂ ਮਦਾਨ ਤੇ ਉਸਦੀ ਪਤਨੀ ਫਰਾਰ ਹਨ। ਉਨ੍ਹਾਂ ਦੇ ਘਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।