ਦਲਬੀਰ ਸਿੰਘ ਦੇ ਪਰਿਵਾਰ ਦੇ ਨਾਲ ਏਬੀਪੀ ਸਾਂਝਾ ਨੇ ਖਾਸ ਗੱਲਬਾਤ ਕੀਤੀ। ਦਲਬੀਰ ਪਤੰਗਾਂ ਬਣਾਉਣ ਦਾ ਕੰਮ ਕਰਦਾ ਸੀ। ਉਸ ਦਾ ਵਿਆਹ ਹੋ ਚੁੱਕਾ ਹੈ ਤੇ ਉਸਦੀ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਵੀ ਹੈ। ਦਲਬੀਰ ਦੀ ਮਾਂ ਨੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਹਾਦਸੇ ’ਚ ਤਿੰਨ ਭੈਣਾਂ ਦਾ ਇਕਲੌਤਾ ਭਰਾ ਖ਼ਾਮੋਸ਼
ਤਿੰਨ ਭੈਣਾਂ ਦਾ ਇਕਲੌਤਾ ਭਰਾ ਰਮੇਸ਼ ਵੀ ਕੱਲ੍ਹ ਸ਼ਾਮ ਦਾ ਰਾਵਣ ਦਹਿਨ ਦੇਖਣ ਗਿਆ ਸੀ। ਰਮੇਸ਼ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਰਾਵਣ ਦਹਿਣ ਦੇਖ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਖ਼ੂਨੀ ਟਰੇਨ ਗੁਜ਼ਰੀ ਤੇ ਰਮੇਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਰਮੇਸ਼ ਦੀ ਮਾਂ ਨੇ ਰੋਂਦੇ-ਕਰਲਾਉਂਦਿਆਂ ਆਪਣਾ ਦੁੱਖ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਰਮੇਸ਼ ਉਨ੍ਹਾਂ ਦਾ ਇੱਕਲੌਤਾ ਮੁੰਡਾ ਸੀ ਜਿਸਨੂੰ ਬਹੁਤ ਆਸਾਂ ਨਾਲ ਪਾਲਿਆ ਸੀ। ਗੁਆਂਢੀਆਂ ਨੇ ਜਦੋਂ ਰਮੇਸ਼ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਮਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
ਭਰਾ ਲਈ ਇਨਸਾਫ਼ ਮੰਗਦਾ ਸੁਨੀਲ
ਭਿਆਨਕ ਰੇਲ ਹਾਦਸੇ ਨੇ ਸੁਨੀਲ ਤੋਂ ਉਸਦਾ ਭਰਾ ਖੋਹ ਲਿਆ। ਹਾਦਸੇ ਨੂੰ ਲੈ ਕੇ ਪੀੜਤ ਸੁਨੀਲ ਕੁਮਾਰ ਨੇ ਪ੍ਰਸ਼ਾਸਨ ’ਤੇ ਵੱਡੇ ਇਲਜ਼ਾਮ ਲਏ ਸਨ। ਸੁਨੀਲ ਕੁਮਾਰ ਨੇ ਕਿਹਾ ਕਿ ਜੇ ਪ੍ਰਸਾਸ਼ਨ ਇਸ ਚੀਜ਼ ਦਾ ਧਿਆਨ ਰੱਖਦਾ ਤਾਂ ਸ਼ਾਇਦ ਅੱਜ ਉਸ ਦਾ ਭਰਾ ਉਸ ਦੇ ਨਾਲ ਹੁੰਦਾ।