ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਰੇਲਵੇ ਫਾਟਕ ਨਜ਼ਦੀਕ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਲੋਕਾਂ ਦਾ ਗੁੱਸਾ ਹਾਲੇ ਵੀ ਸੱਤਵੇਂ ਅਸਮਾਨ ਉਤੇ ਚੜਿਆ ਹੋਇਆ ਹੈ। ਲੋਕ ਉਸੇ ਤਰ੍ਹਾਂ ਰੇਲਵੇ ਟਰੈਕ 'ਤੇ ਬੈਠੇ ਹੋਏ ਹਨ ਅਤੇ ਸਰਕਾਰ ਦੇ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ ਦੁਸਹਿਰੇ ਮੇਲੇ ਦੇ ਪ੍ਰਬੰਧਕ ਸਥਾਨਕ ਕਾਂਗਰਸੀ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
'ਏਬੀਪੀ ਸਾਂਝਾ' ਨੇ ਗਰਾਊਂਡ ਜ਼ੀਰੋ 'ਤੇ ਜਾ ਕੇ ਵੇਖਿਆ ਹੈ ਕਿ ਘਟਨਾ ਦੇ 15 ਘੰਟੇ ਬੀਤਣ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਜੌੜਾ ਫਾਟਕ 'ਤੇ ਰੇਲਵੇ ਦੇ ਕਰਮਚਾਰੀ ਮੌਜੂਦ ਸਨ, ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਸ ਦਾ ਦਫ਼ਤਰ ਘੇਰ ਲਿਆ ਸੀ।
ਮੌਤ ਦਾ ਇਹ ਦਰਦਨਾਕ ਮੰਜ਼ਰ ਜਿਨ੍ਹਾਂ ਲੋਕਾਂ ਨੇ ਅੱਖੀਂ ਦੇਖਿਆ, ਉਨ੍ਹਾਂ ਦੀ ਰੂਹ ਅਜੇ ਵੀ ਕੰਮ ਰਹੀ ਹੈ। ਅੰਮ੍ਰਿਤਸਰ ਦੇ ਲੋਕ ਸਾਰੀ ਰਾਤ ਨਹੀਂ ਸੁੱਤੇ। ਦੁਸਹਿਰੇ ਮੇਲੇ ਨੂੰ ਜੋ ਲੋਕ ਨੇੜਲੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਦੇਖ ਰਹੇ ਸਨ ਉਨ੍ਹਾਂ ਨੇ ਹਾਦਸੇ ਨੂੰ ਪ੍ਰਸ਼ਾਸਨ ਅਤੇ ਰੇਲਵੇ ਤੇ ਪ੍ਰਬੰਧਕਾਂ ਦੀ ਲਾਪਰਵਾਹੀ ਦੱਸਿਆ।
ਸਥਾਨਕ ਲੋਕ ਹਾਲੇ ਵੀ ਰੇਲਵੇ ਟਰੈਕ ਨੂੰ ਖਾਲੀ ਨਹੀਂ ਕਰ ਰਹੇ ਅਤੇ ਟਰੈਕ ਦੇ ਉੱਪਰ ਬੈਠ ਕੇ ਪੰਜਾਬ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਅਤੇ ਸਥਾਨਕ ਕੌਂਸਲਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਹਾਦਸੇ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਨਹੀਂ ਉੱਠਣਗੇ।