ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਅੱਤਵਾਦੀਆਂ ਨਾਲ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਵੀ ਮਾਰ ਗਿਰਾਇਆ। ਕੱਲ੍ਹ ਵੀ ਅਨੰਤਨਾਗ ‘ਚ ਸੈਨਾ ਦਾ ਇੱਕ ਮੇਜਰ ਸ਼ਹੀਦ ਹੋ ਗਿਆ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਸੀ।

ਪੁਲਿਸ ਨੇ ਅੱਜ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਸ ਤੇ ਸੂਬਾ ਪੁਲਿਸ ਦੀਆਂ ਟੁਕੜੀਆਂ ਨੇ ਅਨੰਤਨਾਗ ਜ਼ਿਲ੍ਹੇ ਦੇ ਵਾਘਮਾ ‘ਚ ਤਾਲਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਲੁੱਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ। ਇਲਾਕੇ ‘ਚ ਹੁਣ ਵੀ ਰੁੱਕ-ਰੁੱਕ ਕੇ ਗੋਲ਼ੀਬਾਰੀ ਹੋ ਰਹੀ ਹੈ।

ਇਸ ਦੇ ਨਾਲ ਹੀ ਸੋਮਵਾਰ ਨੂੰ ਪੁਲਵਾਮਾ ‘ਚ ਅੱਤਵਾਦੀਆਂ ਨੇ ਸੈਨਾ ਦੇ ਗਸ਼ਤੀ ਦਲ ‘ਤੇ ਆਈਈਡੀ ਨਾਲ ਹਮਲਾ ਕੀਤਾ। ਇਸ ‘ਚ 9 ਜਵਾਨ ਤੇ ਦੋ ਨਾਗਰਿਕ ਜ਼ਖ਼ਮੀ ਹੋ ਗਏ। ਜਿਸ ਥਾਂ ‘ਤੇ ਇਹ ਹਮਲਾ ਹੋਇਆ, ਉਸ ਤੋਂ ਕਰੀਬ 27 ਕਿਮੀ ਦੂਰ ਫਰਵਰੀ ‘ਚ ਅੱਤਵਾਦੀਆਂ ਨੇ ਪੁਲਵਾਮਾ ਹਮਲਾ ਕੀਤਾ ਸੀ।