ਮੁੰਬਈ: ਮਹਾਰਾਸ਼ਟਰ ਵਿੱਚ ਆਂਗਣਵਾੜੀ ਵਰਕਰ ਨੂੰ ਦੋ ਤੋਂ ਵੱਧ ਬੱਚੇ ਹੋਣ ਤੇ 'ਛੋਟੇ ਪਰਿਵਾਰ' ਦੇ ਨਿਯਮਾਂ ਦਾ ਪਾਲਨ ਨਾ ਕਰਨ ਕਰਕੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪੀੜਤਾ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨਕਰਤਾ ਤਨਵੀ ਸੋਦਾਏ ਨੇ ਸਾਲ 2002 ਵਿੱਚ ਆਈਸੀਡੀਐਸ ਯੋਜਨਾ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਨੂੰ ਸਾਲ 2012 ਵਿੱਚ ਆਂਗਣਵਾੜੀ ਸੇਵਾਦਾਰ ਦੇ ਅਹੁਦੇ 'ਤੇ ਤਰੱਕੀ ਦੇ ਦਿੱਤੀ ਗਈ ਸੀ। ਇਸ ਸਾਲ ਮਾਰਚ ਵਿੱਚ ਉਸ ਨੂੰ ਸੂਬਾ ਸਰਕਾਰ ਵੱਲੋਂ ਸੂਚਨਾ ਮਿਲੀ ਕਿ ਉਸ ਦੇ ਤਿੰਨ ਬੱਚੇ ਹਨ, ਇਸ ਲਈ ਉਸ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਪੱਤਰ ਵਿੱਚ ਉਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਾਲ 2014 ਦੇ ਸਰਕਾਰੀ ਆਦੇਸ਼ ਮੁਤਾਬਕ ਆਈਸੀਡੀਐਸ ਯੋਜਨਾ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਸੂਬੇ ਦੇ ਸਰਕਾਰੀ ਕਰਮਚਾਰੀਆਂ ਦੇ ਦੋ ਤੋਂ ਵੱਧ ਬੱਚੇ ਨਹੀਂ ਹੋਣੇ ਚਾਹੀਦੇ। ਪਟੀਸ਼ਨਕਰਤਾ ਨੇ ਅਪੀਲ ਦਾਇਰ ਕੀਤੀ ਕਿ ਇਨ੍ਹਾਂ ਹੁਕਮਾਂ ਦੇ ਆਧਾਰ 'ਤੇ ਉਸ ਨੂੰ ਨੌਕਰੀ ਤੋਂ ਕੱਢਣਾ ਗ਼ੈਰਕਾਨੂੰਨੀ ਹੈ, ਕਿਉਂਕਿ ਜਦ ਅਗਸਤ 2014 ਵਿੱਚ ਸਰਕਾਰੀ ਫੁਰਮਾਨ ਲਾਗੂ ਹੋਇਆ ਸੀ ਤਾਂ ਉਹ ਅੱਠ ਮਹੀਨੇ ਦੀ ਗਰਭਵਤੀ ਸੀ। ਹੁਣ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤਿੰਨ ਅਕਤੂਬਰ ਨੂੰ ਅਗਲੀ ਸੁਣਵਾਈ ਵੇਲੇ ਜਾਰੀ ਕੀਤੇ ਗਏ ਸਾਰੇ ਪੱਤਰਾਂ ਤੇ ਤਜਵੀਜ਼ਾਂ ਨੂੰ ਪੇਸ਼ ਕਰਨ।