ਨਵੀਂ ਦਿੱਲੀ: ਸਤੰਬਰ ਤੋਂ ਬਾਅਦ ਹੁਣ ਅਕਤੂਬਰ ਦੇ ਪਹਿਲੇ ਦਿਨ ਹੀ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ। ਤੇਲ ਦੇ ਨਾਲ-ਨਾਲ ਅੱਜ ਤੋਂ ਰਸੋਈ ਗੈਸ ਲਈ ਵੀ ਆਮ ਆਦਮੀ ਨੂੰ ਜੇਬ ਹੋਰ ਢਿੱਲੀ ਕਰਨੀ ਪਵੇਗੀ। ਸੀਐਨਜੀ ਤੇ ਪਾਇਪ ਨਾਲ ਪੂਰਤੀ ਕੀਤੀ ਜਾਣ ਵਾਲੀ ਪੀਐਨਜੀ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ।


ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 'ਚ 30 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਇਜ਼ਾਫਾ ਹੋਇਆ। ਉੱਥੇ ਹੀ ਦਿੱਲੀ ਚ ਸੀਐਨਜੀ ਦੇ ਭਾਅ ਚ 1.7 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਤੇ ਪੀਐਨਜੀ ਦੀ ਕੀਮਤ ਚ 1.30 ਰੁਪਏ ਪ੍ਰਤੀ ਘਨ ਮੀਟਰ ਵਧਾ ਦਿੱਤੀ ਗਈ ਹੈ।


ਇੰਡੀਅਨ ਆਇਲ ਕਾਰਪੋਰੇਸ਼ਨ ਨੇ ਐਤਵਾਰ ਦਿੱਲੀ 'ਚ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦਾ ਭਾਅ 2.89 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ 'ਚ ਬਿਨਾ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ 59 ਰੁਪਏ ਵਧ ਗਈਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਅਕਤੂਬਰ ਤੋਂ ਗਾਹਕਾਂ ਦੇ ਖਾਤੇ 'ਚ ਗੈਸ ਸਬਸਿਡੀ 376.60 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ ਜੋ ਕਿ ਸਤੰਬਰ 'ਚ 320.49 ਰੁਪਏ ਪ੍ਰਤੀ ਸਿਲੰਡਰ ਸੀ। ਇਸ ਹਿਸਾਬ ਨਾਲ ਸਬਸਿਡੀ ਵਾਲੇ ਗਾਹਕਾਂ ਤੇ ਕੋਈ ਵਾਧੂ ਬੋਝ ਨਹੀਂ ਪਵੇਗਾ।


ਉੱਧਰ, ਕੀਮਤਾਂ ਵਧਣ ਤੋਂ ਬਾਅਦ ਦਿੱਲੀ 'ਚ ਪੈਟਰੋਲ 83 ਰੁਪਏ 73 ਪੈਸੇ ਤੇ ਡੀਜ਼ਲ 75 ਰੁਪਏ 09 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੰਜਾਬ 'ਚ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਹਿੰਗਾ ਪਠਾਨਕੋਟ 'ਚ 89 ਰੁਪਏ 78 ਪੈਸੇ ਪ੍ਰਤੀ ਲੀਟਰ ਹੈ ਤੇ ਲੁਧਿਆਣੇ 'ਚ 89 ਰੁਪਏ 36 ਪੈਸੇ ਪ੍ਰਤੀ ਲੀਟਰ ਹੈ। ਦੂਜੇ ਪਾਸੇ ਡੀਜ਼ਲ ਵੀ ਸਭ ਤੋਂ ਵੱਧ ਮਹਿੰਗਾ ਪਠਾਨਕੋਟ 'ਚ 75 ਰੁਪਏ 34 ਪੈਸੇ ਪ੍ਰਤੀ ਲੀਟਰ ਜਦਕਿ ਲੁਧਿਆਣੇ 'ਚ 74 ਰੁਪਏ 96 ਪੈਸੇ ਪ੍ਰਤੀ ਲੀਟਰ ਹੈ।


ਇਸ ਤੋਂ ਪਹਿਲਾਂ ਸੰਤਬਰ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਲਗਪਗ ਹਰ ਦਿਨ ਵਾਧਾ ਕੀਤਾ ਗਿਆ। ਪਿਛਲੇ ਮਹੀਨੇ ਪੈਟਰੋਲ ਦਾ ਭਾਅ ਚਾਰ ਰੁਪਏ 81 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧਾਇਆ ਗਿਆ ਜਦਕਿ ਅਗਸਤ ਮਹੀਨੇ 2 ਰੁਪਏ 21 ਪੈਸੇ ਦਾ ਇਜ਼ਾਫਾ ਕੀਤਾ ਗਿਆ ਤੇ ਜੁਲਾਈ 'ਚ 76 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ।


ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਕਾਰਨ ਅੰਤਰ ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਹਨ। ਇਸ ਵੇਲੇ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦਾ ਭਾਅ 83 ਡਾਲਰ ਪ੍ਰਤੀ ਬੈਰਲ ਤੋਂ ਵੀ ਵੱਧ ਹੈ ਜੋ ਪਿਛਲੇ ਚਾਰ ਸਾਲ ਦਾ ਸਭ ਤੋਂ ਵੱਧ ਹੈ।