ਨਵੀਂ ਦਿੱਲੀ: ਪਿਛਲੇ ਪੰਜ ਦਿਨਾਂ ਤੋਂ ਲੋਕਪਾਲ ਤੇ ਲੋਕਾਯੁਕਤ ਦੀਆਂ ਮੰਗਾਂ ਬਾਰੇ ਭੁੱਖ ਹੜਤਾਲ 'ਤੇ ਬੈਠੇ ਗਾਂਧੀਵਾਦੀ ਸਮਾਜਕ ਕਾਰਕੁੰਨ ਅੰਨਾ ਹਜ਼ਾਰੇ ਨੇ ਵੱਡਾ ਐਲਾਨ ਕੀਤਾ ਹੈ। ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਜੇਕਰ ਅੱਠ-ਨੌਂ ਫਰਵਰੀ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣਾ ਪਦਮ ਭੂਸ਼ਨ ਸਨਮਾਨ ਵਾਪਸ ਕਰ ਦੇਣਗੇ।

ਅੰਨਾ ਹਜ਼ਾਰੇ ਨੇ ਕਿਹਾ ਕਿ ਸਮਾਜ ਤੇ ਦੇਸ਼ ਦੀ ਸੇਵਾ ਬਦਲੇ ਇਹ ਸਨਮਾਨ ਦਿੱਤਾ ਸੀ, ਪਰ ਜਦ ਸਮਾਜ ਤੇ ਦੇਸ਼ ਦੀ ਹੀ ਅਜਿਹੀ ਲਾਹਲ ਹੋ ਗਈ ਹੈ ਤਾਂ ਮੈਂ ਕਿਸ ਲਈ ਇਹ ਇਨਾਮ ਆਪਣੇ ਕੋਲ ਰੱਖਾਂ। ਉਨ੍ਹਾਂ ਕਿਹਾ ਕਿ ਅਜਿਹਾ ਮੇਰਾ ਮਨ ਮੈਨੂੰ ਕਹਿੰਦਾ ਹੈ। ਮੈਂ ਕਿਸੇ ਕੋਲ ਇਹ ਐਵਾਰਡ ਮੰਗਣ ਤਾਂ ਨਹੀਂ ਗਿਆ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਇਹ ਵੀ ਕਹਿ ਚੁੱਕੇ ਹਨ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਦੇਸ਼ ਦੀ ਜਨਤਾ ਇਸ ਦਾ ਜ਼ਿੰਮੇਵਾਰ ਪ੍ਰਧਾਨ ਮੰਤਰੀ ਨੂੰ ਠਹਿਰਾਏਗੀ।

ਅੰਨਾ ਆਪਣੇ ਪਿੰਡ ਰਾਲੇਗਣ ਸਿੱਧੀ ਵਿੱਚ ਅਣਮਿੱਥੀ ਭੁੱਖ ਹੜਤਾਲ 'ਤੇ ਬੈਠ ਗਏ ਹਨ। 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅਨਸ਼ਨ 'ਤੇ ਬੈਠ ਗਏ ਸਨ। ਅੰਨਾ ਹਜ਼ਾਰੇ ਦੀਆਂ ਮੁੱਖ ਮੰਗਾਂ ਹਨ ਕਿ ਕੇਂਦਰ ਵਿੱਚ ਲੋਕਪਾਲ, ਹਰ ਸੂਬੇ ਵਿੱਚ ਲੋਕਾਯੁਕਤ ਦੀ ਨਿਯੁਕਤੀ ਅਤੇ ਕਿਸਾਨੀ ਮੁੱਦੇ ਹਨ। ਅੰਨਾ ਹਜ਼ਾਰੇ ਨੂੰ ਆਪਣੇ ਪਿੰਡ ਦਾ ਵਿਕਾਸ ਕਰਨ ਤੇ ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰਨ ਬਦਲੇ ਸੰਨ 1992 ਵਿੱਚ ਦੇਸ਼ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਯਾਨੀ ਪਦਮ ਭੂਸ਼ਨ ਦਿੱਤਾ ਗਿਆ ਸੀ।