ਅਹਿਮਦਨਗਰ: ਸਮਾਜਕ ਕਾਰਕੁੰਨ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਦੀ ਸਰਕਾਰ ਲੋਕਪਾਲ ਅੰਦੋਲਨ ਕਾਰਨ ਸੱਤਾ ਵਿੱਚ ਆਈ ਸੀ, ਪਰ ਲੋਕਪਾਲ ਦੀ ਨਿਯੁਕਤੀ ਨਾ ਕਰਨ 'ਤੇ ਉਹ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਹਜ਼ਾਰੇ ਨੇ ਨਰੇਂਦਰ ਮੋਦੀ ਨੂੰ ਵੀਰਵਾਰ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਟਾਲ-ਮਟੋਲ ਕਰਨ ਵਾਲਾ ਰਵੱਈਆ ਅਪਨਾਉਂਦੀ ਆਈ ਹੈ ਤੇ ਲੋਕਪਾਲ ਜਾਂ ਲੋਕਾਯੁਕਤ ਦੀ ਨਿਯੁਕਤੀ ਨਹੀਂ ਕਰਦੀ।


ਅੰਨਾ ਹਜ਼ਾਰੇ ਨੇ ਲਿਖਿਆ ਕਿ ਲੋਕਪਾਲ ਤੇ ਲੋਕਾਯੁਕਤ ਦੀ ਨਿਯੁਕਤੀ ਲਈ 16 ਅਗਸਤ 2011 ਨੂੰ ਸਾਰਾ ਦੇਸ਼ ਸੜਕਾਂ 'ਤੇ ਉੱਤਰ ਆਇਆ ਸੀ, ਤੁਹਾਡੀ ਸਰਕਾਰ ਵੀ ਇਸੇ ਅੰਦੋਲਨ ਕਾਰਨ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਲੋਕਪਾਲ ਤੇ ਲੋਕਾਯੁਕਤ ਦੀ ਨਿਯੁਕਤੀ ਟਾਲਦੀ ਰਹੀ ਹੈ।

ਹਜ਼ਾਰੇ ਨੇ ਇਸ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਗਾਂਧੀ ਜੈਅੰਤੀ ਮੌਕੇ ਦੋ ਅਕਤੂਬਰ ਤੋਂ ਰਾਲ਼ੇਗਣ ਸਿੱਧੀ ਵਿੱਚ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਖ਼ੁਦਕੁਸ਼ੀਆਂ ਕਰ ਰਹੇ ਹਨ।