ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਰਾਹਤ ਨਹੀਂ ਮਿਲ ਰਹੀ। ਅੱਜ ਇਕ ਵਾਰ ਫਿਰ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 'ਚ 18 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 'ਚ 21 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ। ਵਧੀਆਂ ਕੀਮਤਾਂ ਤੋਂ ਬਾਅਦ ਦਿੱਲੀ 'ਚ ਪੈਟਰੋਲ 83 ਰੁਪਏ 40 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ 74 ਰੁਪਏ 63 ਪੈਸੇ ਪ੍ਰਤੀ ਲੀਟਰ ਦੀ ਰਿਕਾਰਡ ਦਰ 'ਤੇ ਪਹੁੰਚ ਗਿਆ।


ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨ 'ਤੇ ਹੈ। ਵਿਰੋਧੀ ਦਲ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦਾਇਰੇ 'ਚ ਲਿਆਉਣ ਤੇ ਟੈਕਸ 'ਚ ਕਟੌਤੀ ਦੀ ਮੰਗ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਅੰਤਰ-ਰਾਸ਼ਟਰੀ ਕਾਰਨਾਂ ਨਾਲ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।


ਕੱਲ੍ਹ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਸੀ ਕਿ ਸਰਕਾਰ ਤੇਲ ਦੀ ਐਕਸਾਇਜ਼ ਡਿਊਟੀ 'ਚ ਕਟੌਤੀ ਕਰਨ 'ਤੇ ਵਿਚਾਰ ਕਰ ਰਹੀ ਹੈ ਤਾਂ ਉਨ੍ਹਾਂ ਸਵਾਲ ਟਾਲ ਦਿੱਤਾ। ਜੀਐਸਟੀ ਕਾਊਂਸਲ ਦੀ ਬੈਠਕ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਬੈਠਕ 'ਚ ਤੇਲ ਨੂੰ ਜੀਐਸਟੀ ਦਾਇਰੇ ਹੇਠ ਲਿਆਉਣ 'ਤੇ ਵਿਚਾਰ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਏਜੰਡਾ ਨਹੀਂ ਸੀ।