ਨਵੀਂ ਦਿੱਲੀ: ਸਮਾਜ ਸੇਵਕ ਅੰਨਾ ਹਜ਼ਾਰੇ ਨੇ ਨਰਿੰਦਰ ਮੋਦੀ ਸਰਕਾਰ 'ਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਉਹ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਹਨ। ਅੰਨਾ ਹਜ਼ਾਰੇ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਭਾਰਤ ਦੇਣਗੇ ਪਰ ਤਿੰਨ ਸਾਲ 'ਚ ਉਨ੍ਹਾਂ ਲੋਕਪਾਲ ਲਈ ਕੁਝ ਨਹੀਂ ਕੀਤਾ। ਪਹਿਲਾਂ ਕਾਂਗਰਸ ਸਰਕਾਰ ਨੇ ਸਾਨੂੰ ਕਮਜ਼ੋਰ ਕਾਨੂੰਨ ਦਿੱਤਾ ਅਤੇ ਹੁਣ ਤਿੰਨ ਸਾਲ ਬਾਅਦ ਮੋਦੀ ਸਰਕਾਰ ਨੇ ਵੀ ਲੋਕਪਾਲ ਨੂੰ ਕੋਈ ਸ਼ਕਤੀ ਨਹੀਂ ਦਿੱਤੀ। ਜਦੋਂ ਅੰਨਾ ਨੂੰ ਪੁੱਛਿਆ ਕਿ ਤਿੰਨ ਸਾਲ ਹੋ ਗਏ ਪਰ ਸਰਕਾਰ ਬਣੇ ਹੁਣ ਤੱਕ ਉਹ ਖਾਮੋਸ਼ ਕਿਉਂ ਸਨ? ਤਾਂ ਅੰਨਾ ਨੇ ਕਿਹਾ ਕਿ ਇਸ ਦੇ ਪਿੱਛੇ ਕਾਰਨ ਹੈ। ਅਸੀਂ ਨਵੀਂ ਸਰਕਾਰ ਨੂੰ ਪਹਿਲਾਂ ਟਾਇਮ ਦਿੱਤਾ। ਕਾਂਗਰਸ ਇੰਨੇ ਸਾਲ ਸੱਤਾ 'ਚ ਰਹੀ ਸੀ ਪਰ ਇਹ ਲੋਕ (ਭਾਜਪਾ) ਸੱਤਾ 'ਚ ਨਵੇਂ ਆਏ ਹਨ ਇਸ ਲਈ ਉਨ੍ਹਾਂ ਨੂੰ ਸਮਾਂ ਦਿੱਤਾ। ਭਾਜਪਾ ਦਾ ਬਚਾਅ ਕਰਦਿਆਂ ਅੰਨਾ ਨੇ ਕਿਹਾ ਕਿ ਜੇਕਰ ਅਸੀਂ ਨਵੀਂ ਸਰਕਾਰ ਬਣਨ ਦੇ ਨਾਲ ਹੀ ਵਿਰੋਧ ਸ਼ੁਰੂ ਕਰ ਦਿੰਦੇ ਤਾਂ ਲੋਕ ਕਹਿੰਦੇ ਕਿ ਇਹ ਠੀਕ ਨਹੀਂ। ਇਸੇ ਲਈ ਮੈਂ ਤਿੰਨ ਸਾਲ ਲਗਾਤਾਰ ਚਿੱਠੀਆਂ ਲਿਖਦਾ ਰਿਹਾ। ਹੁਣ ਮੈਨੂੰ ਪਤਾ ਲੱਗਿਆ ਕਿ ਸਰਕਾਰ ਦੀ ਇਸ 'ਚ ਦਿਲਚਸਪੀ ਹੀ ਨਹੀਂ ਹੈ ਫਿਰ ਮੈਂ ਅੰਦੋਲਨ ਕਰਨ ਬਾਰੇ ਸੋਚਿਆ।