ਮੁੱਛਾਂ ਰੱਖਣ ਵਾਲੇ ਦਲਿਤਾਂ ਨੂੰ ਕੁੱਟਿਆ, ਇੱਕ ਗ੍ਰਿਫਤਾਰ
ਏਬੀਪੀ ਸਾਂਝਾ | 02 Oct 2017 11:43 AM (IST)
ਅਹਿਮਦਾਬਾਦ: ਗੁਜਰਾਤ ਦੇ ਗਾਂਧੀਨਗਰ ਦੇ ਕੋਲ ਇੱਕ ਪਿੰਡ 'ਚ ਮੁੱਛਾਂ ਰੱਖਣ ਕਾਰਨ ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ਦੋ ਦਲਿਤਾਂ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ। ਇਹ ਘਟਨਾਵਾਂ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਤਾਲੁਕਾ ਦੇ ਲਿੰਬੋਦਰਾ ਪਿੰਡ 'ਚ 25 ਅਤੇ 29 ਸਤੰਬਰ ਨੂੰ ਹੋਈਆਂ। ਪਿਛਲੇ ਮਹੀਨੇ 29 ਤਰੀਕ ਨੂੰ ਭਰਤ ਸਿੰਘ ਵਾਘੇਲਾ ਨਾਂ ਦੇ ਬੰਦੇ ਨੇ ਕਾਨੂੰਨ ਦੇ ਵਿਦਿਆਰਥੀ ਕ੍ਰਿਣਾਲ ਮਹੇਰਿਆ (30) ਦੀ ਕੁੱਟਮਾਰ ਕੀਤੀ ਸੀ। ਕਲੋਲ ਤਾਲੁਕਾ ਪੁਲਿਸ 'ਚ ਆਪਣੀ ਸ਼ਿਕਾਇਤ 'ਚ ਮਹੇਰਿਆ ਨੇ ਦਾਅਵਾ ਕੀਤਾ ਕਿ ਵਾਘੇਲਾ ਨੇ ਮੁੱਛ ਰੱਖਣ ਕਾਰਨ ਉਸ ਦੀ ਕੁੱਟਮਾਰ ਕੀਤੀ ਸੀ। ਮਹੇਰਿਆ ਨੇ ਕਿਹਾ, "ਮੈਂ ਜਦ ਆਪਣੇ ਇੱਕ ਦੋਸਤ ਦੇ ਘਰ ਜਾ ਰਿਹਾ ਸੀ ਤਾਂ ਵਾਘੇਲਾ ਅਤੇ ਕੁਝ ਹੋਰ ਲੋਕਾਂ ਨੇ ਮੈਨੂੰ ਰੋਕਿਆ ਅਤੇ ਮੇਰੇ ਲਈ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ। ਵਾਘੇਲਾ ਨੇ ਮੈਨੂੰ ਕਿਹਾ ਕਿ ਸਿਰਫ ਮੁੱਛਾਂ ਲਗਾ ਲੈਣ ਨਾਲ ਕੋਈ ਰਾਜਪੂਤ ਨਹੀਂ ਹੋ ਜਾਂਦਾ। ਜਦ ਮੈਂ ਉਸ ਦੀਆਂ ਗੱਲਾਂ 'ਚ ਧਿਆਨ ਨਹੀਂ ਦਿੱਤਾ ਤਾਂ ਉਸ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ।" ਗਾਂਧੀਨਗਰ ਸਿਵਿਲ ਹਸਪਤਾਲ 'ਚ ਇਲਾਜ ਤੋਂ ਬਾਅਦ ਮਹੇਰਿਆ ਆਪਣੇ ਪਿੰਡ ਪਰਤ ਗਿਆ ਹੈ। ਕਲੋਲ ਤਾਲੁਕਾ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਵਾਘੇਲਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿੱਚ ਵਾਘੇਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਅਫਸਰ ਨੇ ਦੱਸਿਆ, "ਮਹੇਰਿਆ ਦੇ ਖਿਲਾਫ ਵੀ ਆਈ.ਪੀ.ਸੀ. ਦੀ ਧਾਰਾ 323 ਦੇ ਤਹਿਤ ਮਾਮਲਾ ਦਰਜ ਕਰ ਵਾਘੇਲਾ ਨੂੰ ਗ੍ਰਿਫਤਾਰ ਕਰ ਲਿਆ।" ਲਿੰਬੋਦਰਾ ਪਿੰਡ 'ਚ ਹੀ 25 ਸਤੰਬਰ ਨੂੰ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦਿਨ ਰਾਜਪੂਤ ਭਾਈਚਾਰੇ ਦੇ ਕੁਝ ਬੰਦਿਆਂ ਨੇ ਪਿਊਸ਼ ਪਰਮਾਰ (24) ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ। ਪੁਲਿਸ ਮੁਤਾਬਕ ਪਰਮਾਰ ਨੇ ਇਲਜ਼ਾਮ ਲਾਇਆ ਕਿ ਇਕ ਗਰਬਾ ਪ੍ਰੋਗਰਾਮ 'ਚ ਹਿੱਸਾ ਲੈ ਕੇ ਪਰਤਦੇ ਸਮੇਂ ਪਿੰਡ ਦੇ ਰਾਜਪੂਤ ਭਾਈਚਾਰੇ ਦੇ ਬੰਦਿਆਂ ਨੇ ਉਸ ਨੂੰ ਕੁੱਟਿਆ। ਉਸ ਨੇ ਆਰੋਪ ਲਾਇਆ ਕਿ ਉੱਚੀ ਜਾਤ ਦੇ ਲੋਕਾਂ ਨੇ ਮੁੱਛਾਂ ਰੱਖਣ ਕਾਰਨ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।