ਸਬਸਿਡੀ ਵਾਲਾ ਸਿਲੰਡਰ ਹੋਰ ਹੋਇਆ ਮਹਿੰਗਾ..
ਏਬੀਪੀ ਸਾਂਝਾ | 02 Oct 2017 10:49 AM (IST)
ਨਵੀਂ ਦਿੱਲੀ: ਹੁਣ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ 1.50 ਰੁਪਏ ਮਹਿੰਗਾ ਕੀਤਾ ਗਿਆ ਹੈ। ਸਰਕਾਰ ਵਲੋਂ ਅਗਲੇ ਸਾਲ ਮਾਰਚ ਤੱਕ ਐਲ. ਪੀ. ਜੀ. ਗੈਸ ਸਿਲੰਡਰਾਂ 'ਤੇ ਸਬਸਿਡੀ ਖਤਮ ਕਰਨ ਲਈ ਹਰ ਮਹੀਨੇ ਇਨ੍ਹਾਂ ਦੀ ਕੀਮਤ 'ਚ ਵਾਧੇ ਦੇ ਫ਼ੈਸਲੇ ਤੋਂ ਬਾਅਦ ਇਹ ਕੰਮ ਹੋਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ ਦਿੱਲੀ 'ਚ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਸਿਲੰਡਰ ਦਾ ਭਾਅ ਹੁਣ 488.68 ਰੁਪਏ ਹੋਵੇਗਾ। ਪਹਿਲਾਂ ਇਸ ਦਾ ਭਾਅ 487.18 ਰੁਪਏ ਸੀ। ਇਸ ਤੋਂ ਪਹਿਲਾਂ ਸਤੰਬਰ 'ਚ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 'ਚ 7 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹਵਾਈ ਜਹਾਜ਼ਾਂ ਦੇ ਤੇਲ ਦੇ ਭਾਅ 'ਚ 6 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਅਗਸਤ ਤੋਂ ਜੈੱਟ ਤੇਲ ਦੀਆਂ ਕੀਮਤਾਂ 'ਚ ਇਹ ਲਗਾਤਾਰ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਕੀਮਤਾਂ ਵਿਚ ਮਜ਼ਬੂਤੀ ਕਾਰਨ ਇਥੇ ਵੀ ਏ. ਟੀ. ਐਫ਼ ਦੇ ਭਾਅ 'ਚ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਹੁਣ ਏ. ਟੀ. ਐਫ. ਦਾ ਭਾਅ 3,025 ਰੁਪਏ ਵਧ ਕੇ 53,045 ਰੁਪਏ ਪ੍ਰਤੀ ਕਿਲੋਲੀਟਰ ਹੋਵੇਗਾ। ਇਸ ਤੋਂ ਪਹਿਲਾਂ ਇਸ ਦਾ ਭਾਅ 50,020 ਰੁਪਏ ਪ੍ਰਤੀ ਕਿਲੋਲੀਟਰ ਸੀ।