ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਦੀਆਂ ਚੋਣਾਂ ਦਾ ਐਲਾਨ
ਏਬੀਪੀ ਸਾਂਝਾ | 31 Dec 2018 07:25 PM (IST)
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਕਮੇਟੀ ਲਈ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕਮੇਟੀ ਦੀ ਨਵੀਂ ਕਾਰਜਕਾਰਨੀ ਲਈ 19 ਜਨਵਰੀ ਨੂੰ ਚੋਣਾਂ ਹੋਣਗੀਆਂ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 19 ਜਨਵਰੀ ਨੂੰ ਸਵੇਰੇ 11 ਵਜੇ ਦਿੱਲੀ ਕਮੇਟੀ ਦੇ ਦਫ਼ਤਰ, ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਜਨਰਲ ਇਜਲਾਸ ਬੁਲਾਇਆ ਗਿਆ ਹੈ। ਇਸ ਵਿੱਚ ਨਵੇਂ ਅਹੁਦੇਦਾਰ ਅਤੇ ਅੰਤ੍ਰਿਗ ਮੈਂਬਰਾਂ ਦੀ ਚੋਣ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਕਮੇਟੀ ਦੇ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਵਿਰੁੱਧ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਲਾਏ ਸਨ। ਅਦਾਲਤ ਨੇ ਪੁਲਿਸ ਨੂੰ ਜੀਕੇ ਖਿਲਾਫ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਸ ਪਿੱਛੋਂ ਡੀਐਸਜੀਐਮਸੀ ਦੀ ਕਾਰਜਕਾਰਨੀ ਕਮੇਟੀ ਭੰਗ ਹੋ ਗਈ ਸੀ। ਸਿਰਸਾ ਨੇ ਦੱਸਿਆ ਕਿ ਹਾਈਕਮਾਨ ਨੇ ਸਿਰਸਾ ਅਤੇ ਕਾਲਕਾ ਨੂੰ ਅਸਥਾਈ ਤੌਰ 'ਤੇ ਕਮੇਟੀ ਦੇ ਮਾਮਲੇ ਦੇਖਣ ਲਈ ਕਿਹਾ ਹੈ। ਜਦੋਂ ਤੱਕ ਨਵੀਂ ਕਮੇਟੀ ਦਾ ਗਠਨ ਨਹੀਂ ਕੀਤਾ ਜਾਂਦਾ, ਉਦੋਂ ਤਕ ਉਹੀ ਜੀਕੇ ਦੀ ਥਾਂ ਕਮੇਟੀ ਦਾ ਕਾਰਜਭਾਰ ਸੰਭਾਲਣਗੇ।