ਅਹਿਮਦਾਬਾਦ: ਗੁਜਰਾਤ ਕਾਂਗਰਸ ਦੇ ਸਾਬਕਾ ਲੀਡਰ ਸ਼ੰਕਰ ਸਿੰਘ ਵਾਘੇਲਾ ਨੇ ਐਤਵਾਰ ਨੂੰ ਕਿਹਾ ਕਿ ਡਾ. ਮਨਮੋਹਨ ਸਿੰਘ ਦੁਨੀਆ ਦੇ ਸਰਵਸ਼੍ਰੇਸ਼ਠ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਮਕਬੂਲ ਹੋਣ ਦੀ ਲਾਲਸਾ ਦੇ ਬਗੈਰ ਦੇਸ਼ ਲਈ ਸਖ਼ਤ ਮਿਹਨਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਪੀਐਮ ਨਰੇਂਦਰ ਮੋਦੀ ’ਤੇ ਸਰਦਾਰ ਪਟੇਲ ਦੇ ਨਾਂ ’ਤੇ ਲੋਕਾਂ ਦਾ ਪੈਸਾ ਬਰਬਾਦ ਕਰਨ ਤੇ ‘ਖ਼ੁਦ ਦਾ ਪ੍ਰਚਾਰ’ ਕਰਨ ਦਾ ਇਲਜ਼ਾਮ ਲਾਇਆ। ਇਸ ਤੋਂ ਇਲਾਵਾ ਉਨ੍ਹਾਂ ਪੱਛੜੀਆਂ ਸ਼੍ਰੇਣੀਆਂ ਦੇ ਤਬਕੇ ਦੇ ਕਲਿਆਣ ਲਈ 10 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਕੀਤੀ।
ਇਸ ਮੌਕੇ ਵਾਘੇਲਾ ਓਬੀਸੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀ। ਮੋਦੀ ਵੱਲੋਂ ਮਨਮੋਹਨ ਸਿੰਘ ਨੂੰ ‘ਮੌਨੀ ਬਾਬਾ’ ਕਹਿਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਨੇ 10 ਸਾਲਾਂ ਤਕ ਦੇਸ਼ ਨੂੰ ਆਰਥਕ ਸੁਸਤੀ ਤੋਂ ਬਚਾਇਆ। ਉਨ੍ਹਾਂ ਆਪਣੀਆਂ ਤਸਵੀਰਾਂ ਛਪਵਾਉਣ ਜਾਂ ਭਾਸਣ ਦੇਣ ਦੇ ਕੰਮ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਿੰਘ ਖ਼ਾਮੋਸ਼ ਨਹੀਂ ਸਨ, ਉਨ੍ਹਾਂ ਦਾ ਕੰਮ ਬੋਲਦਾ ਸੀ। ਮੋਦੀ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ’ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਦੇਸ਼ 15 ਸਾਲ ਪਿੱਛੇ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤਬਕੇ ਦੇ ਕਲਿਆਣ ਲਈ ਸਿਰਫ 1800 ਕਰੋੜ ਰੁਪਏ ਦਿੱਤੇ ਜਦਕਿ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਇਸ਼ਤਿਹਾਰਾਂ ’ਤੇ ਉਡਾਈ ਗਈ। ਉਨ੍ਹਾਂ ਕਿਹਾ ਕਿ ਇਹੀ ਰਕਮ ਤਬਕੇ ਦੇ ਵਿਕਾਸ ਲਈ ਦਿੱਤੀ ਜਾ ਸਕਦੀ ਸੀ। ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੁਨੀਆ ਦੇ ਉੱਤਮ ਪੀਐਮ ਰਹੇ। ਯਾਦ ਰਹੇ ਕਿ ਉਨ੍ਹਾਂ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ।