ਨਵੀਂ ਦਿੱਲੀ: ਲੋਕ ਸਭਾ ਵਿੱਚ ਵੋਟਿੰਗ ਤੋਂ ਬਾਅਦ ਅੱਜ ਰਾਜ ਸਭਾ ਵਿੱਚ ਤਿੰਨ ਤਲਾਕ ਬਿੱਲ ਹੰਗਾਮੇ ਕਾਰਨ ਪੇਸ਼ ਨਹੀਂ ਹੋ ਸਕਿਆ। ਸਦਨ 'ਚ ਹੰਗਾਮੇ ਤੋਂ ਬਾਅਦ ਰਾਜ ਸਭਾ ਨੂੰ ਦੋ ਜਨਵਰੀ ਤਕ ਟਾਲ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਤਿੰਨ ਤਲਾਕ ਪ੍ਰਥਾ ਨੂੰ ਗ਼ੈਰ-ਕਾਨੂੰਨੀ ਬਣਾਉਣ ਵਾਲੇ ਬਿੱਲ ਦੇ ਪੱਖ ਵਿੱਚ 245 ਵੋਟਾਂ ਬਣੀਆਂ ਸਨ ਜਦਕਿ 11 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਸਨ। ਵੋਟਿੰਗ ਦੌਰਾਨ ਕਾਂਗਰਸ, ਅੰਨਾਦ੍ਰਮੁਕ, ਦ੍ਰਮੁਕ ਤੇ ਸਪਾ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਸੀ।
ਸੋਮਵਾਰ ਸਵੇਰ ਸਮੇਂ ਸਦਨ ਦੀ ਕਾਰਵਾਈ ਨੂੰ 15 ਮਿੰਟ ਬਾਅਦ ਹੀ ਦੁਪਹਿਰ ਦੋ ਵਜੇ ਤਕ ਰੋਕ ਦਿੱਤੀ ਗਈ। ਇਸ ਤੋਂ ਬਾਅਦ ਦੋ ਵਜੇ ਕਾਰਵਾਈ ਸ਼ੁਰੂ ਹੋਈ ਤੇ ਢਾਈ ਕੁ ਵਜੇ ਤੋਂ ਪਹਿਲਾਂ ਹੀ ਮੁੜ ਰੋਕ ਦਿੱਤੀ ਗਈ। ਇਸ ਤੋਂ ਬਾਅਦ ਤੀਜੀ ਵਾਰ ਸਭਾ ਦੀ ਕਾਰਵਾਈ ਰੁਕੀ ਦੋ ਜਵਨਰੀ ਤਕ ਮੁਲਤਵੀ ਕਰ ਦਿੱਤੀ ਗਈ।
ਕਾਂਗਰਸ ਸਮੇਤ ਹੋਰ ਵਿਰੋਧੀ ਦਲ ਤਿੰਨ ਤਲਾਕ ਬਿੱਲ ਨੂੰ ਸਿਲੇਕਟ ਕਮੇਟੀ ਕੋਲ ਭੇਜਣ ਦੀ ਮੰਗ ਕਰ ਰਹੇ ਹਨ। ਓਧਰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਤਿੰਨ ਤਲਾਕ ਬਿੱਲ ਦੇ ਮੁੱਦੇ ਤੇ ਬੀਜੇਪੀ ਨੂੰ ਘੇਰਦਿਆਂ ਕਿਹਾ ਕਿ ਬੀਜੇਪੀ ਤਿੰਨ ਤਲਾਕ ਜ਼ਰੀਏ ਸਾਡੇ ਘਰਾਂ ਵਿੱਚ ਘੁਸਪੈਠ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਔਰਤਾਂ ਤੇ ਮਰਦਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਵੇਗਾ।