ਮੁੰਬਈ- ਇਕ ਕਾਰੋਬਾਰੀ ਨੇ ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਨਹੀਂ ਚੁਕਾਇਆ ਤਾਂ ਕਰ ਵਿਭਾਗ ਨੇ ਉਸ 'ਤੇ ਭਾਰੀ ਜੁਰਮਾਨਾ ਲਗਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਕਰ ਅਫ਼ਸਰ ਵਲੋਂ ਇਕ ਕਾਰੋਬਾਰੀ ਨੂੰ ਭੇਜੇ ਗਏ ਕਾਰਨ ਦੱਸੋ ਨੋਟਿਸ 'ਚ 20 ਹਾਜ਼ਾਰ ਰੁਪਏ ਜੁਰਮਾਨਾ ਮੰਗਿਆ ਗਿਆ ਹੈ। ਉਕਤ ਕਾਰੋਬਾਰੀ ਨੇ 15 ਰੁਪਏ ਦਾ ਜੀ.ਐਸ.ਟੀ. ਨਹੀਂ ਚੁਕਾਇਆ ਸੀ। ਇਸ ਤੋਂ ਕਰੀਬ ਦੋ ਮਹੀਨੇ ਪਹਿਲਾਂ ਸਰਕਾਰ ਨੇ ਦੇਸ਼ ਭਰ 'ਚ ਕਰੀਬ 200 ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਖ਼ਰੀਦਦਾਰੀ ਕਰਨ ਅਤੇ ਇਸ ਤਰ੍ਹਾਂ ਦੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੀ ਸ਼ਨਾਖ਼ਤ ਕਰਨ ਜੋ ਜੀ.ਐਸ.ਟੀ. ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਇਨ੍ਹਾਂ ਅਧਿਕਾਰੀਆਂ ਨੇ ਹੁਣ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਸਬੰਧਤ ਟੈਕਸ ਅਫ਼ਸਰਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਤਰ੍ਹਾਂ ਦੀ ਰਿਪੋਰਟ 'ਤੇ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ।