ਦੇਸ਼ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਵਲੋਂ ਨੋਟਬੰਦੀ ਅਤੇ ਜੀ.ਐਸ.ਟੀ. ਦਾ ਦੇਸ਼ ਦੇ ਅਰਥਚਾਰੇ ਦੇ ਨਿਮਾਣਾਂ ਵੱਲ ਜਾਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਕਾਰੋਬਾਰੀ ਜਗਤ ਵੀ ਜੀ.ਐਸ.ਟੀ. ਖਿਲਾਫ ਮੁੜ ਤੋਂ ਆਪਣੀ ਆਵਾਜ਼ ਬੁਲੰਦ ਕਰਨ ਲਈ ਖੜ੍ਹਾ ਹੋ ਗਿਆ ਹੈ। ਜਲੰਧਰ ਦੀ ਸਪੋਰਟਸ ਇੰਡਸਟਰੀ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਜੀ.ਐਸ.ਟੀ. ਨੇ ਵਪਾਰੀਆਂ ਦਾ ਬੜਾ ਨੁਕਸਾਨ ਕੀਤਾ ਹੈ।
ਵਪਾਰੀਆਂ ਨੇ ਇਨ੍ਹਾਂ ਦੋ ਫੈਸਲਿਆਂ ਕਾਰਨ ਸਰਕਾਰ ਨੂੰ 0 ਰੇਟਿੰਗ ਹੀ ਨਹੀਂ ਦਿੱਤੀ ਬਲਕਿ ਇਹ ਵੀ ਕਿਹਾ ਕਿ ਸਰਕਾਰ ਦੀ ਤਾਂ ਨੈਗੇਟਿਵ ਮਾਰਕਿੰਗ ਕਰਨੀ ਚਾਹੀਦੀ ਹੈ।
ਖੇਡ ਸਮਾਨ ਦੀ ਵਣਜ ਕਰਦੇ ਵਪਾਰੀਆਂ ਨੇ ਜੀ.ਐਸ.ਟੀ. ਲਾਗੂ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਫਲਾਪ ਦੱਸਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਜ਼ਿੰਮੇਵਾਰ ਠਹਿਰਾਇਆ। ਵਪਾਰੀਆਂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਉਨ੍ਹਾਂ ਨੂੰ ਹਾਲੇ ਤਕ ਪਤਾ ਹੀ ਨਹੀਂ ਲੱਗਿਆ ਕਿ ਵਪਾਰ ਹੋਇਆ ਕਿੰਨਾ ਹੈ।
ਵਪਾਰੀਆਂ ਨੇ ਕਿਹਾ ਕਿ ਪਹਿਲਾਂ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੇ ਲਘੂ ਉਦਯੋਗਾਂ ਦਾ ਬੜਾ ਨੁਕਸਾਨ ਕੀਤਾ, ਉਹ ਹਾਲੇ ਛੇ ਮਹੀਨੇ ਤਕ ਇਸ ਦੇ ਅਸਰ 'ਚੋਂ ਬਾਹਰ ਨਹੀਂ ਸੀ ਆਏ ਕਿ ਜੀ.ਐਸ.ਟੀ. ਦਾ ਤਾਨਸ਼ਾਹੀ ਫੈਸਲਾ ਆ ਗਿਆ।
ਖੇਡ ਵਪਾਰੀਆਂ ਨੇ ਕਿਹਾ ਕਿ ਸਰਕਾਰ ਆਪਣੇ ਜੀ.ਐਸ.ਟੀ. ਦੇ ਫੈਸਲੇ 'ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ, ਅਰੁਣ ਜੇਟਲੀ ਇੱਕ ਫਲੌਪ ਵਿੱਤ ਮੰਤਰੀ ਹਨ।
ਵਪਾਰੀਆਂ ਮੁਤਾਬਕ ਨੋਟਬੰਦੀ ਤੇ ਜੀ.ਐਸ.ਟੀ. ਕਾਰਨ ਜਿਹੜੇ ਲੋਕ ਛੋਟੇ ਪੱਧਰ 'ਤੇ ਘਰਾਂ 'ਚੋਂ ਖੇਡਾਂ ਦਾ ਸਮਾਨ ਤਿਆਰ ਕਰਦੇ ਸਨ ਉਹ ਬਿਲਕੁਲ ਵਿਹਲੇ ਹੋ ਗਏ। ਉਨ੍ਹਾਂ ਜੀ.ਐਸ.ਟੀ. ਰਿਟਰਨ ਭਰਨ ਦੀਆਂ ਤਕਨੀਕੀ ਖ਼ਾਮੀਆਂ ਗਿਣਾਉਂਦੇ ਕਿਹਾ ਕਿ ਜੀ.ਐਸ.ਟੀ. ਫਾਇਲਿੰਗ ਲਈ ਪੋਰਟਲ ਚਲਦਾ ਹੀ ਨਹੀਂ ਹੈ। ਇਸ ਤੋਂ ਇਲਾਵਾ ਇੱਕੋ ਚੀਜ਼ 'ਤੇ ਕਈ ਟੈਕਸ ਸਲੈਬ ਯਾਨੀ ਕਰ ਦਰ ਵੱਖਰੀ-ਵੱਖਰੀ ਹੈ ਜੋ ਠੀਕ ਨਹੀਂ ਹੈ।