ਨਵੀਂ ਦਿੱਲੀ: ਵਿਸ਼ਵ ਚੈਂਪੀਅਨ ਟੀਮ ਦੇ ਖਿਡਾਰੀਆਂ ਨੂੰ ਜਿਸ ਤਰ੍ਹਾਂ ਖੇਡਣਾ ਚਾਹੀਦਾ ਹੈ, ਬਿਲਕੁਲ ਉਵੇਂ ਦੀ ਖੇਡ ਦਾ ਮੁਜ਼ਾਹਰਾ ਅੱਜ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਇਰੌਨ ਫਿੰਚ ਨੇ ਕੀਤਾ। ਬੈਂਗਲੁਰੂ ਵਿੱਚ ਖੇਡੇ ਗਏ ਲੜੀ ਦੇ ਚੌਥੇ ਇੱਕ ਦਿਨਾ ਮੈਚ ਵਿੱਚ ਆਸਟ੍ਰੇਲੀਆ ਨੇ 5 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਵਿਰੁੱਧ 334 ਦੌੜਾਂ ਬਣਾਈਆਂ ਸਨ।
ਭਾਰਤੀ ਟੀਮ ਨੇ ਵੀ ਆਸਟ੍ਰੇਲੀਆ ਦੀ ਚੁਨੌਤੀ ਕਬੂਲਦਿਆਂ ਚੰਗੀ ਸ਼ੁਰੂਆਤ ਕਰ ਲਈ ਹੈ। ਵਾਰਨਰ ਤੇ ਫਿੰਚ ਦੀ ਸੁਫਨਮਈ 231 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਆਸਟ੍ਰੇਲਿਆਈ ਟੀਮ ਲੜਖੜਾ ਗਈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ਾਂ ਨੇ 34ਵੇਂ ਓਵਰ ਤਕ ਆਪਣੀ ਸਾਂਝੇਦਾਰੀ ਕਾਇਮ ਰੱਖੀ ਤੇ ਟੀਮ ਨੂੰ 231 ਦੌੜਾਂ ਤਕ ਪਹੁੰਚਾਇਆ। 124 ਦੌੜਾਂ 'ਤੇ ਖੇਡ ਰਹੇ ਡੇਵਿਡ ਵਾਰਨਰ ਨੂੰ ਕੇਦਾਰ ਜਾਧਵ ਨੇ ਆਪਣਾ ਸ਼ਿਕਾਰ ਬਣਾਇਆ। ਕੁਝ ਸਮੇਂ ਬਾਅਦ ਉਮੇਸ਼ ਯਾਦਵ ਨੇ ਇਰੌਨ ਫਿੰਚ ਨੂੰ 94 ਦੌੜਾਂ 'ਤੇ ਆਊਟ ਕਰ ਦਿੱਤਾ।
ਉਮੇਸ਼ ਯਾਦਵ ਨੇ ਭਾਰਤ ਲਈ 4 ਵਿਕਟਾਂ ਹਾਸਲ ਕੀਤੀਆਂ। ਬਾਕੀ ਗੇਂਦਬਾਜ਼ਾਂ ਨੂੰ ਅੱਜ ਖ਼ਾਸ ਸਫਲਤਾ ਹਾਸਲ ਨਹੀਂ ਹੋਈ। 335 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਪੰਜਵੇਂ ਓਵਰ ਦੀ ਸਮਾਪਤੀ ਤਕ ਬਿਨਾ ਕਿਸੇ ਨੁਕਸਾਨ 'ਤੇ 33 ਦੌੜਾਂ ਬਣਾ ਲਈਆਂ ਸਨ।