ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਜੇਕਰ ਇੱਕ ਤੋਂ ਦੂਜੀ ਜਗ੍ਹਾ ਜਾਣਾ ਹੈ ਤਾਂ ਬਿਨਾਂ ਕਿਸੇ ਦੋ ਰਾਏ ਮੈਟਰੋ ਹੀ ਤੇਜ਼, ਸਸਤਾ ਤੇ ਆਰਾਮਦਾਇਕ ਜ਼ਰੀਆ ਹੈ। ਇਨ੍ਹਾਂ ਤੋਂ ਇਲਾਵਾ ਦਿੱਲੀ ਮੈਟਰੋ ਦੀ ਇੱਕ ਹੋਰ ਖ਼ਾਸੀਅਤ ਵੀ ਹੈ, ਉਹ ਇਸ ਦਾ ਪੌਕੇਟ-ਫ੍ਰੈਂਡਲੀ ਭਾਵ ਸਸਤਾ ਹੋਣਾ ਹੈ।

ਪਰ ਇਸੇ ਸਾਲ 'ਚ ਦਿੱਲੀ ਮੈਟਰੋ ਰੇਲ ਦੇ ਕਿਰਾਏ ਦੂਜੀ ਵਾਰ ਸੋਧਣ ਦੀ ਤਿਆਰੀ ਹੈ। ਕੇਂਦਰ ਸਰਕਾਰ ਦੀ ਇਸ ਤਜਵੀਜ਼ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਮੁੱਖ ਮੰਤਰੀ ਅਰਵਿੰਗ ਕੇਜਰੀਵਾਲ ਨੇ ਆਪਣੇ ਆਵਾਜਾਈ ਮੰਤਰੀ ਨੂੰ ਇਸ ਸੋਧ ਨੂੰ ਰੋਕਣ ਲਈ ਬਦਲਵੇਂ ਹੱਲ ਲੱਭਣ ਦੇ ਨਿਰਦੇਸ਼ ਦਿੱਤੇ ਹਨ।

ਮਈ 2017 ਵਿੱਚ ਕਿਰਾਏ ਵਧਾਉਣ ਤੋਂ ਬਾਅਦ ਕੇਂਦਰ ਸਰਕਾਰ ਦੀ ਅਕਤੂਬਰ ਤੋਂ ਕਿਰਾਏ ਮੁੜ ਵਧਾਉਣ ਦੀ ਤਜਵੀਜ਼ ਹੈ। ਇਸ ਵਾਰ ਕਿਰਾਏ ਵਿੱਚ 10 ਰੁਪਏ ਤਕ ਦਾ ਵਾਧਾ ਕੀਤਾ ਜਾਣਾ ਤੈਅ ਹੋਇਆ ਸੀ, ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਤਰਾਜ਼ ਜਤਾਇਆ ਹੈ।

ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਮੈਟਰੋ ਦਾ ਕਿਰਾਇਆ ਵਧਾਉਣਾ ਲੋਕ ਵਿਰੋਧੀ ਹੈ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੂੰ ਇੱਕ ਹਫ਼ਤੇ ਵਿੱਚ ਮੈਟਰੋ ਦੇ ਕਿਰਾਏ ਨੂੰ ਵਧਣ ਤੋਂ ਰੋਕਣ ਲਈ ਨਿਰਦੇਸ਼ਤ ਕਰ ਦਿੱਤਾ ਗਿਆ ਹੈ।

ਦਿੱਲੀ ਮੈਟਰੋ ਕਾਰਪੋਰੇਸ਼ਨ (ਡੀ.ਐਮ.ਆਰ.ਸੀ.) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਇਸ ਵਾਧੇ ਤੋਂ ਖੁਸ਼ ਨਹੀਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਵਾਜਾਈ ਮੰਤਰੀ ਡੀ.ਐਮ.ਆਰ.ਸੀ. ਦੇ ਮੁਖੀ ਮੰਗੂ ਸਿੰਘ ਨੂੰ ਤਲਬ ਕਰ ਸਕਦੇ ਹਨ।