ਚੰਡੀਗੜ੍ਹ: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਦਿਊਮਨ ਦੇ ਕਤਲ ਤੋਂ ਬਾਅਦ ਸਕੂਲ ਮਾਲਕਾਂ 'ਤੇ ਲਟਕ ਰਹੀ ਗ੍ਰਿਫਤਾਰੀ ਦੀ ਤਲਵਾਰ ਹਾਲ ਦੀ ਘੜੀ ਟਲ ਗਈ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਅਦਾਲਤ ਵਿੱਚ ਜਵਾਬ ਦਾਇਰ ਕਰਨ ਲਈ ਦੋ ਦਿਨਾਂ ਦਾ ਸਮਾਂ ਮੰਗਿਆ ਹੈ। ਅਦਾਲਤ ਨੇ ਇਸ ਮਾਮਲੇ 'ਤੇ ਅਗਲੀ ਸੁਣਵਾਈ 7 ਅਕਤੂਬਰ ਨੂੰ ਕਰਨੀ ਹੈ।
ਉਦੋਂ ਤਕ ਯਾਨੀ ਕਿ ਅਦਾਲਤ ਨੇ ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਅਗਲੀ ਸੁਣਵਾਈ ਤਕ ਰੋਕ ਲਾ ਦਿੱਤੀ ਹੈ। ਹਾਦਸੇ ਤੋਂ ਬਾਅਦ ਸਕੂਲ ਮਾਲਕ ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ਦੀ ਮੰਗ ਉੱਠੀ ਸੀ। ਪਿੰਟੋ ਪਰਿਵਾਰ ਵੱਲੋਂ ਕਈ ਦਿਨ ਪਹਿਲਾਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਪਹਿਲਾਂ ਸਕੂਲ ਮਾਲਕ, ਜੱਜ ਦੇ ਜਾਣਕਾਰ ਹੋਣ ਕਾਰਨ ਕੇਸ ਕਿਸੇ ਹੋਰ ਜੱਜ ਕੋਲ ਭੇਜਿਆ ਗਿਆ ਸੀ। ਇਸ ਤੋਂ ਬਾਅਦ ਮਾਮਲਾ ਸੀ.ਬੀ.ਆਈ. ਦੀ ਅਦਾਲਤ ਕੋਲ ਜਾਣ ਕਾਰਨ ਸੁਣਵਾਈ ਮੁੜ ਤੋਂ ਕਿਸੇ ਹੋਰ ਜੱਜ ਕੋਲ ਤੈਅ ਹੋ ਗਈ।
ਜ਼ਿਕਰਯੋਗ ਹੈ ਕਿ ਬੀਤੀ 8 ਸਤੰਬਰ ਨੂੰ ਗੁਰੂਗ੍ਰਾਮ ਦੇ ਭੋਂਡਸੀ ਇਲਾਕੇ ਵਿੱਚ ਬਣੇ ਹੋਏ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 7 ਸਾਲ ਦੇ ਵਿਦਿਆਰਥੀ ਪ੍ਰਦਿਊਮਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਹੱਤਿਆ ਦਾ ਕਾਰਨ ਹਾਲੇ ਤਕ ਅਣਸੁਲਝਿਆ ਹੈ। ਪੂਰੇ ਮਾਮਲੇ ਵਿੱਚ ਸਕੂਲ ਦੀ ਲਾਪਰਵਾਹੀ ਸਾਹਮਣੇ ਆਉਣ ਕਾਰਨ ਸਕੂਲ ਮਾਲਕਾਂ ਦੇ ਸਿਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ।