ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ ਬੀ ਆਈ), ਟੈਲੀਕਾਮ ਸੈਕਟਰ, ਜੀ ਐੱਸ ਟੀ ਅਤੇ ਟੋਲ ਪਲਾਜ਼ਾ ਨਾਲ ਜੁੜੇ 6 ਨਿਯਮਾਂ ਵਿੱਚ 1 ਅਕਤੂਬਰ ਤੋਂ ਬਦਲਾਅ ਹੋਣ ਜਾ ਰਹੇ ਹਨ। ਹੁਣ 1 ਅਕਤੂਬਰ ਤੋਂ ਨਵੀਂ ਐੱਮ ਆਰ ਪੀ ਉੱਤੇ ਸਾਮਾਨ ਮਿਲੇਗਾ, ਬੈਂਕ ਖਾਤੇ ਵਿੱਚ ਪੈਸੇ ਰੱਖਣ ਦੀ ਲਿਮਟ ਘੱਟ ਹੋ ਜਾਵੇਗੀ ਤੇ ਖਾਤਾ ਬੰਦ ਕਰਾਉਣ ਦਾ ਚਾਰਜ ਨਹੀਂ ਲੱਗੇਗਾ। ਐੱਸ ਬੀ ਆਈ ਕੁਝ ਬੈਂਕਾਂ ਦੇ ਚੈੱਕ ਲੈਣੇ ਬੰਦ ਕਰ ਦੇਵੇਗਾ, ਟੋਲ ਟੈਕਸ ਲਾਈਨ ਵਿੱਚ ਨਹੀਂ ਖੜੋਣਾ ਹੋਵੇਗਾ ਅਤੇ ਕਾਲ ਰੇਟ ਘੱਟ ਹੋ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ 1 ਅਕਤੂਬਰ ਤੋਂ ਹੁਣ ਨਵੀਂ ਐੱਮ ਆਰ ਪੀ ਉੱਤੇ ਸਾਮਾਨ ਮਿਲੇਗਾ। ਜੁਲਾਈ ਵਿੱਚ ਜੀ ਐੱਸ ਟੀ ਲਾਗੂ ਹੋਣ ਪਿੱਛੋਂ ਕੇਂਦਰ ਸਰਕਾਰ ਨੇ ਕਾਰੋਬਾਰੀ ਲੋਕਾਂ ਨੂੰ 30 ਸਤੰਬਰ ਤਕ ਪੁਰਾਣੇ ਸਾਮਾਨ ਉੱਤੇ ਨਵੀਂ ਐੱਮ ਆਰ ਪੀ ਦਾ ਸਟਿੱਕਰ ਲਾ ਕੇ ਵੇਚਣ ਦੀ ਸਹੂਲਤ ਦਿੱਤੀ ਸੀ। ਅਕਤੂਬਰ ਤੋਂ ਨਵੀਂ ਐੱਮ ਆਰ ਪੀ ਦਾ ਸਟਿੱਕਰ ਲਾ ਕੇ ਸਾਮਾਨ ਵੇਚਣ ਵਾਲਿਆਂ ਉੱਤੇ ਸਰਕਾਰ ਕਾਰਵਾਈ ਕਰ ਸਕਦੀ ਹੈ। ਸਾਰੇ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਭਾਰਤੀ ਸਟੇਟ ਬੈਂਕ ਦੇ ਖਾਤਾ ਧਾਰਕਾਂ ਨੂੰ ਅਕਤੂਬਰ ਤੋਂ ਸੇਵਿੰਗਜ਼ ਖਾਤੇ ਵਿੱਚ ਘੱਟੋ-ਘੱਟ ਔਸਤ ਬੈਲੈਂਸ 3,000 ਰੁਪਏ ਰੱਖਣਾ ਜ਼ਰੂਰੀ ਹੋਵੇਗਾ, ਜੋ ਹੁਣ ਤਕ 5,000 ਰੁਪਏ ਹੈ। ਛੋਟੇ ਕਸਬੇ ਅਤੇ ਪੇਂਡੂ ਬਰਾਂਚਾਂ ਵਿੱਚ ਪਹਿਲਾਂ ਵਾਂਗ ਕ੍ਰਮਵਾਰ 2,000 ਰੁਪਏ ਅਤੇ 1,000 ਰੁਪਏ ਬੈਲੈਂਸ ਮਹੀਨੇ ਵਿੱਚ ਰੱਖਣਾ ਜ਼ਰੂਰੀ ਹੋਵੇਗਾ। ਬੈਂਕ ਨੇ ਖਾਤੇ ਵਿੱਚ ਘੱਟੋ-ਘੱਟ ਪੈਸੇ ਨਾ ਰੱਖਣ ਉਤੇ ਲੱਗਣ ਵਾਲੇ ਚਾਰਜ ਵਿੱਚ ਵੱਡੀ ਕਟੌਤੀ ਕੀਤੀ ਹੈ। ਸ਼ਹਿਰੀ ਬਰਾਂਚਾਂ ਵਿੱਚ ਹੁਣ ਇਹ ਚਾਰਜ ਘੱਟੋ-ਘੱਟ 30 ਰੁਪਏ ਤੇ ਵੱਧ ਤੋਂ ਵੱਧ 50 ਰੁਪਏ ਹੋਵੇਗਾ, ਜਿਸ ਉੱਤੇ ਜੀ ਐੱਸ ਟੀ ਲੱਗੇਗਾ। ਕਸਬਾ ਅਤੇ ਪੇਂਡੂ ਬਰਾਂਚਾਂ ਵਿੱਚ ਖਾਤੇ ਵਿੱਚ ਘੱਟੋ-ਘੱਟ ਬੈਲੈਂਸ ਨਾ ਰੱਖਣ ਉੱਤੇ ਹੁਣ 20 ਤੋਂ 40 ਰੁਪਏ ਤਕ ਚਾਰਜ ਲੱਗੇਗਾ। ਇਸ ਦੇ ਨਾਲ ਹੀ ਬੈਂਕ ਹੁਣ ਨਾਬਾਲਗਾਂ, ਪੈਸ਼ਨਰਾਂ ਅਤੇ ਸਬਸਿਡੀ ਲਈ ਖੋਲ੍ਹੇ ਗਏ ਖਾਤਿਆਂ ਉੱਤੇ ਘੱਟੋ-ਘੱਟ ਬੈਲੈਂਸ ਦਾ ਚਾਰਜ ਵਸੂਲ ਨਹੀਂ ਕਰੇਗਾ। ਐੱਸ ਬੀ ਆਈ ਨੇ ਕਿਹਾ ਹੈ ਕਿ ਇਸ ਨਾਲ ਤਕਰੀਬਨ 5 ਕਰੋੜ ਖਾਤਾ ਧਾਰਕਾਂ ਨੂੰ ਲਾਭ ਹੋਵੇਗਾ। ਇਕ ਸਾਲ ਬਾਅਦ ਖਾਤਾ ਬੰਦ ਕਰਾਉਣ ਉੱਤੇ ਐੱਸ ਬੀ ਆਈ ਗਾਹਕ ਕੋਲੋਂ ਕੋਈ ਚਾਰਜ ਨਹੀਂ ਵਸੂਲੇਗਾ। ਖਾਤਾ ਖੋਲ੍ਹਣ ਦੇ 14 ਦਿਨ ਅੰਦਰ ਵੀ ਜੇ ਖਾਤਾ ਬੰਦ ਕਰਾਇਆ ਜਾਂਦਾ ਹੈ ਤਾਂ ਉਸ ਉੱਤੇ ਚਾਰਜ ਨਹੀਂ ਲੱਗੇਗਾ, ਪਰ 14 ਦਿਨ ਦੇ ਬਾਅਦ ਅਤੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਖਾਤਾ ਬੰਦ ਕਰਾਇਆ ਤਾਂ 500 ਰੁਪਏ ਅਤੇ ਜੀ ਐੱਸ ਟੀ ਦੇਣਾ ਹੋਵੇਗਾ। ਇਹੋ ਨਹੀਂ, 1 ਅਕਤੂਬਰ ਤੋਂ ਐੱਸ ਬੀ ਆਈ ਉਸ ਵਿੱਚ ਸ਼ਾਮਲ ਕਰ ਦਿੱਤੇ ਗਏ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦੇ ਪੁਰਾਣੇ ਆਈ ਐੱਫ ਐੱਫ ਸੀ ਕੋਡ ਵਾਲੇ ਚੈੱਕ ਨਹੀਂ ਲਵੇਗਾ। ਜਿਨ੍ਹਾਂ ਬੈਂਕਾਂ ਦੇ ਪੁਰਾਣੇ ਚੈੱਕ ਨਹੀਂ ਚੱਲਣਗੇ, ਉਨ੍ਹਾਂ ਵਿੱਚ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਟਰਾਵਣਕੋਰ ਅਤੇ ਭਾਰਤੀ ਮਹਿਲਾ ਬੈਂਕ ਸ਼ਾਮਲ ਹਨ। ਐੱਸ ਬੀ ਆਈ ਨੇ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ 30 ਸਤੰਬਰ ਤਕ ਨਵੀਂ ਚੈੱਕ ਬੁੱਕ ਅਪਲਾਈ ਕਰਨ ਲਈ ਕਿਹਾ ਹੈ। ਗਾਹਕ ਏ ਟੀ ਐੱਮ ਰਾਹੀਂ, ਨੈੱਟ ਬੈਂਕਿੰਗ ਅਤੇ ਬਰਾਂਚ ਵਿੱਚ ਨਵੀਂ ਚੈੱਕ ਬੁੱਕ ਲਈ ਅਪਲਾਈ ਕਰ ਸਕਦੇ ਹਨ। ਨਵੀਂ ਗੱਲ ਇਹ ਕਿ 1 ਅਕਤੂਬਰ ਤੋਂ ਨੈਸ਼ਨਲ ਹਾਈਵੇਜ਼ ਉੱਤੇ ਬਣੇ ਸਾਰੇ ਟੋਲ ਪਲਾਜ਼ਿਆਂ ਦੇ ਲਈ ਫਾਸਟੈਗ ਲੱਗੀਆਂ ਗੱਡੀਆਂ ਬਿਨਾਂ ਰੁਕਣ ਤੋਂ ਲੰਘਣਗੀਆਂ। ਨੈਸ਼ਨਲ ਹਾਈਵੇ ਅਥਾਰਟੀ (ਐੱਨ ਐੱਚ ਏ ਆਈ) ਮੁਤਾਬਕ ਸਾਰੇ ਟੋਲ ਪਲਾਜ਼ਿਆਂ ਉੱਤੇ ਸ਼ੁੱਕਰਵਾਰ ਤੋਂ ਫਾਸਟੈਗ ਵਾਲੀਆਂ ਗੱਡੀਆਂ ਲਈ ਵੱਖਰੀ ਲੇਨ ਹੋਵੇਗੀ। ਫਾਸਟੈਗ ਸਿਸਟਮ ਵਿੱਚ ਗੱਡੀ ਦੇ ਸ਼ੀਸ਼ੇ ਉੱਤੇ ਟੈਗ ਲਾਇਆ ਜਾਂਦਾ ਹੈ। ਟੋਲ ਪਲਾਜ਼ਾ ਉੱਤੇ ਲੱਗਾ ਸੈਂਸਰ ਉਸ ਨੂੰ ਪੜ੍ਹ ਲਵੇਗਾ ਅਤੇ ਟੋਲ ਟੈਕਸ ਟੋਲ ਪਲਾਜ਼ਾ ਦੇ ਖਾਤੇ ਵਿੱਚ ਜਮ੍ਹਾ ਹੋ ਜਾਵੇਗਾ। ਫਾਸਟੈਗ ਰੀਚਾਰਜ ਕਰਾਉਣਾ ਵੀ ਆਸਾਨ ਹੈ। ਕਈ ਬੈਂਕ ਇਹ ਸੁਵਿਧਾ ਦੇ ਰਹੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਅਕਤੂਬਰ ਤੋਂ ਕਾਲ ਕੁਨੈਕਟ ਚਾਰਜ (ਆਈ ਯੂ ਸੀ) ਵਿੱਚ 50 ਫੀਸਦੀ ਤੋਂ ਵੱਧ ਦੀ ਕਟੌਤੀ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਇਕ ਨੰਬਰ ਤੋਂ ਦੂਜੇ ਨੈੱਟਵਰਕ ਦੇ ਨੰਬਰ ਉੱਤੇ ਕੰਪਨੀ ਨੂੰ ਪੈਣ ਵਾਲਾ ਚਾਰਜ 14 ਪੈਸੇ ਪ੍ਰਤੀ ਮਿੰਟ ਤੋਂ ਘੱਟ ਕੇ 6 ਪੈਸੇ ਪ੍ਰਤੀ ਮਿੰਟ ਹੋ ਜਾਵੇਗਾ। ਆਈ ਯੂ ਸੀ ਉਹ ਚਾਰਜ ਹੁੰਦਾ ਹੈ, ਜਿਸ ਨੂੰ ਟੈਲੀਕਾਮ ਕੰਪਨੀਆਂ ਦੂਜੀ ਕੰਪਨੀ ਨੂੰ ਦਿੰਦੀਆਂ ਹਨ, ਜਿਸ ਦੇ ਨੈੱਟਵਰਕ ਉੱਤੇ ਉਨ੍ਹਾਂ ਦੀ ਕਾਲ ਲੱਗਦੀ ਹੈ। ਇਹ ਚਾਰਜ ਘੱਟ ਹੋਣ ਨਾਲ ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਸਸਤੀ ਕਾਲ ਦਾ ਤੋਹਫਾ ਦੇ ਸਕਦੀਆਂ ਹਨ।