ਨਵੀਂ ਦਿੱਲੀ: ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਲੱਦਾਖ ਦੇ ਡੇਮਚੋਕ ਸੈਕਟਰ ਵਿੱਚ ਚੀਨ ਨੇ ਕੋਈ ਘੁਸਪੈਠ ਨਹੀਂ ਕੀਤੀ। ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਕਿਹਾ ਕਿ ਕੋਈ ਘੁਸਪੈਠ ਨਹੀਂ ਹੋਈ। ਜਨਰਲ ਰਾਵਤ ਦਾ ਇਹ ਬਿਆਨ ਅਜਿਹੀਆਂ ਰਿਪੋਰਟਾਂ ਵਿਚਾਲੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨੀ ਜਵਾਨਾਂ ਨੇ 6 ਜੁਲਾਈ ਨੂੰ ਦਲਾਈ ਲਾਮਾ ਦੇ ਜਨਮਦਿਨ ਮੌਕੇ ਕੁਝ ਤਿੱਬਤੀਆਂ ਵੱਲੋਂ ਤਿੱਬਤੀ ਝੰਡੇ ਫਹਿਰਾਏ ਜਾਣ ਬਾਅਦ ਵਾਸਤਵਿਕ ਕੰਟਰੇਲ ਰੇਖਾ (LAC) ਪਾਰ ਕੀਤੀ ਸੀ।




ਰਾਵਤ ਨੇ ਕਿਹਾ ਕਿ ਚੀਨੀ ਆਪਣੀ ਮੰਨੀ ਜਾਣ ਵਾਲੀ ਐਲਏਸੀ 'ਤੇ ਆਉਂਦੇ ਹਨ ਤੇ ਗਸ਼ਤ ਕਰਦੇ ਹਨ। ਅਸੀਂ ਉਨ੍ਹਾਂ ਨੂੰ ਰੋਕਦੇ ਹਾਂ। ਕਈ ਵਾਰ ਸਥਾਨਕ ਪੱਧਰ 'ਤੇ ਜਸ਼ਨ ਸਮਾਗਮ ਵੀ ਹੁੰਦੇ ਹਨ। ਡੇਮਚੋਕ ਸੈਕਟਰ ਵਿੱਚ ਸਾਡੀ ਵੱਲ ਤਿੱਬਤੀ ਜਸ਼ਨ ਮਨਾ ਰਹੇ ਸੀ। ਇਸ ਦੇ ਆਧਾਰ 'ਤੇ ਕੁਝ ਚੀਨੀ ਇਹ ਦੇਖਣ ਆਏ ਸੀ ਕਿ ਕੀ ਹੋ ਰਿਹਾ ਹੈ, ਪਰ ਕੋਈ ਘੁਸਪੈਠ ਨਹੀਂ ਹੋਈ। ਸਭ ਆਮ ਹੈ।



ਦੱਸ ਦੇਈਏ ਸ਼ਨੀਵਾਰ ਨੂੰ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਇੱਕ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਲੱਦਾਖ ਦੇ ਡੇਮਚੋਕ ਵਿੱਚ ਚੀਨੀ ਘੁਸਪੈਠ ਸੁਰੱਖਿਆ ਚਿੰਤਾ ਦਾ ਗੰਭੀਰ ਵਿਸ਼ਾ ਹੈ। ਮੋਦੀ ਸਰਕਾਰ ਨੂੰ ਹਰ ਪੱਧਰ 'ਤੇ ਚੀਨ ਤੋਂ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਬੀਜੇਪੀ ਦਾ ਰਵੱਈਆ ਜ਼ਿੰਮੇਵਾਰ ਹੈ।