ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਗਊ ਹੱਤਿਆ ਦੇ ਸ਼ੱਕ ਬਾਅਦ ਭੜਕੀ ਹਿੰਸਾ ਵਿੱਚੋਂ ਇੰਸਪੈਕਟਰ ਸੁਬੋਧ ਸਿੰਘ ’ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਜਤੇਂਦਰ ਮਲਿਕ ਉਰਫ ਜਤੇਂਦਰ ਫੌਜੀ ਨੂੰ ਯੂਪੀ ਐਸਟੀਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਯੂਪੀ ਐਸਟੀਐਫ ਦੇ ਐਸਐਸਪੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਫੌਜ ਨੇ ਰਾਤ 12:50 ਮਿੰਟ ’ਤੇ ਜਤੇਂਦਰ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਜਦੋਂ ਭੀੜ ਇਕੱਠੀ ਹੋ ਰਹੀ ਸੀ ਤਾਂ ਉਹ ਉੱਥੇ ਹੀ ਖੜ੍ਹਾ ਸੀ।



ਐਸਐਸਪੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿੱਚ ਹਾਲੇ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਇਸ ਨੇ ਥਾਣੇਦਾਰ ਜਾਂ ਨੌਜਵਾਨ ਸੁਮਿਤ ਨੂੰ ਗੋਲੀ ਮਾਰੀ ਸੀ ਜਾਂ ਨਹੀਂ। ਅੱਜ ਜਤੇਂਦਰ ਨੂੰ ਬੁਲੰਦਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਫਿਲਹਾਲ ਉਸ ਨੇ ਥਾਣੇਦਾਰ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ।



ਪੁਲਿਸ ਨੂੰ ਜਤੇਂਦਰ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ ਫੌਜ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੁਲਿਸ ਦਾ ਪੂਰਾ ਸਾਥ ਦੇਣਗੇ। ਜਤੇਂਦਰ ਫੌਜੀ 22 ਕੌਮੀ ਰਾਈਫਲਸ ਦਾ ਹਿੱਸਾ ਹੈ। ਉਹ ਜੰਮੂ ਕਸ਼ਮੀਰ ਦੇ ਸੋਪੋਰ ਵਿੱਚ ਤਾਇਨਾਤ ਸੀ ਤੇ 15 ਦਿਨਾਂ ਦੀ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ।