ਆਰਐਸਐਸ ਭਾਰਤੀ ਫੌਜ ਤੋਂ ਵੀ ਸ਼ਕਤੀਸ਼ਾਲੀ !
ਏਬੀਪੀ ਸਾਂਝਾ | 12 Feb 2018 11:50 AM (IST)
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਆਰਮੀ ਕੈਂਪ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਰਾਸ਼ਟਰੀ ਸਵੈ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਵਿਵਾਦਤ ਬਿਆਨ ਦਿੱਤਾ ਹੈ। ਬਿਹਾਰ ਦੇ ਮੁਜ਼ੱਫਰਪੁਰ ਵਿੱਚ ਭਾਗਵਤ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਤਿੰਨ ਦਿਨ ਵਿੱਚ ਫੌਜ ਤਿਆਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਫੌਜ ਨੂੰ ਸੈਨਿਕ ਤਿਆਰ ਕਰਨ ਵਿੱਚ ਛੇ ਮਹੀਨੇ ਲੱਗਦੇ ਹਨ ਪਰ ਆਰਐਸਐਸ ਇਹ ਕੰਮ ਤਿੰਨ ਦਿਨਾਂ ਵਿੱਚ ਕਰ ਸਕਦੀ ਹੈ। ਮੋਹਨ ਭਾਗਵਤ ਦੇ ਬਿਆਨ ਦੇ ਵਿਵਾਦ ਹੋਇਆ ਤਾਂ ਉਨ੍ਹਾਂ ਨੇ ਸਫ਼ਾਈ ਵੀ ਜਾਰੀ ਕਰ ਦਿੱਤੀ। ਸੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮੋਹਨ ਭਾਗਵਤ ਨੇ ਫ਼ੌਜ ਨਾਲ ਸੰਘ ਦੀ ਤੁਲਨਾ ਨਹੀਂ ਕੀਤੀ। ਉਨ੍ਹਾਂ ਇਹ ਕਿਹਾ ਕਿ ਆਮ ਲੋਕਾਂ ਨੂੰ ਫ਼ੌਜੀ ਬਣਾਉਣ ਵਿੱਚ ਛੇ ਮਹੀਨੇ ਲੱਗਦੇ ਹਨ। ਜੇਕਰ ਫ਼ੌਜ ਟਰੇਨਿੰਗ ਦੇਵੇ ਤਾਂ ਤਿੰਨ ਦਿਨਾਂ ਵਿੱਚ ਸਵੈ ਸੇਵਕ ਫ਼ੌਜੀ ਬਣ ਜਾਣਗੇ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ 'ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਕੇ ਕਿਹਾ, "ਜੇਕਰ ਇਹ ਬਿਆਨ ਕਿਸੇ ਦੂਜੀ ਪਾਰਟੀ ਦੇ ਲੀਡਰ ਨੇ ਦਿੱਤਾ ਹੁੰਦਾ ਤਾਂ ਭਾਜਪਾਈਆਂ ਨੇ ਹੁਣ ਤੱਕ ਉਸ ਨੂੰ ਪਾਕਿਸਤਾਨ ਭੇਜ ਦੇਣਾ ਸੀ। ਮੀਡੀਆ ਤਾਂ ਫਾਂਸੀ ਦੀ ਸਜ਼ਾ ਦੀ ਮੰਗ ਕਰ ਦਿੰਦਾ ਪਰ ਗੱਲ ਭਾਗਵਤ ਦੀ ਹੈ।"