ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ 9 ਅਗਸਤ ਨੂੰ ਸ੍ਰੀਨਗਰ ਦੇ ਬਾਹਰ ‘ਸ਼ਰਾਰਤੀ ਅਨਸਰਾਂ’ ਨੇ ਅਸ਼ਾਂਤੀ ਫੈਲਾਉਣ ਲਈ ਸੁਰੱਖਿਆ ਬਲਾਂ ‘ਤੇ ਪਥਰਾਅ ਕੀਤਾ, ਪਰ ਪ੍ਰਦਰਸ਼ਨਕਾਰੀਆਂ 'ਤੇ ਗੋਲ਼ੀ ਨਹੀਂ ਚਲਾਈ ਗਈ। ਇਹ ਘਟਨਾ ਸ੍ਰੀਨਗਰ ਦੇ ਸੌਰਾ ਵਿਖੇ ਵਾਪਰੀ ਜਦੋਂ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਧਾਰਾ 370 ਦੇ ਤਹਿਤ ਦਿੱਤੇ ਗਏ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਲੋਕਾਂ ਦੀਆਂ ਗਤੀਵਿਧੀਆਂ ਤੇ ਸੰਚਾਰ ਸੇਵਾਵਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ।
ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਟਵੀਟ ਕੀਤਾ, 'ਸ੍ਰੀਨਗਰ ਦੇ ਸੌਰਾ ਖੇਤਰ ਵਿੱਚ ਮੀਡੀਆ ਵੱਲੋਂ ਉਕਤ ਘਟਨਾ ਬਾਰੇ ਖ਼ਬਰਾਂ ਦਿਖਾਈਆਂ ਗਈਆਂ। ਸ਼ਰਾਰਤੀ ਅਨਸਰ ਇੱਕ ਸਥਾਨਕ ਮਸਜਿਦ ਤੋਂ ਨਮਾਜ਼ ਅਦਾ ਕਰ ਕੇ ਘਰ ਪਰਤ ਰਹੇ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਵਿਆਪਕ ਅਸ਼ਾਂਤੀ ਪੈਦਾ ਕਰਨ ਲਈ ਬਿਨਾਂ ਕਿਸੇ ਉਕਸਾਵੇ ਦੇ ਏਜੰਸੀਆਂ 'ਤੇ ਪਥਰਾਅ ਕੀਤਾ।'
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸੰਜਮ ਰੱਖਿਆ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਬੁਲਾਰੇ ਨੇ ਕਿਹਾ, 'ਇਹ ਦੁਹਰਾਇਆ ਜਾਂਦਾ ਹੈ ਕਿ ਧਾਰਾ 370 ਸਬੰਧੀ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕੋਈ ਗੋਲੀਬਾਰੀ ਨਹੀਂ ਹੋਈ ਹੈ।'
ਯਾਦ ਰਹੇ ਸਰਕਾਰ ਵੱਲੋਂ 5 ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਅਧੀਨ ਜੰਮੂ-ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਰਾਜ ਦਾ ਦਰਜਾ ਹਟਾਇਆ ਗਿਆ ਸੀ ਤੇ ਇਸ ਨੂੰ ਜੰਮੂ-ਕਸ਼ਮੀਰ ਤੇ ਲੱਦਾਖ, ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਇਸ ਪਿੱਛੋਂ 10 ਅਗਸਤ ਨੂੰ ਮੰਤਰਾਲੇ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਵਿਰੋਧ ਪ੍ਰਦਰਸ਼ਨਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰੀਆਂ ਹਨ ਤੇ ਕਿਸੇ ਵਿੱਚ ਵੀ 20 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਸਨ।