ਨਵੀਂ ਦਿੱਲੀ :500 ਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਪੈਦਾ ਹੋਈ ਅਫ਼ਰਾ-ਤਫ਼ਰੀ ਦੌਰਾਨ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟ ਬੰਦੀ ਦਾ ਫ਼ੈਸਲਾ ਵੱਡਾ ਅਪ੍ਰੇਸ਼ਨ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਆਮ ਵਾਂਗ ਹੋਣ 'ਚ ਸਮਾਂ ਲੱਗੇਗਾ। ਮੁਸ਼ਕਲ ਦਿਨਾਂ ਦੇ ਸੰਕੇਤ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਏ.ਟੀ.ਐਮ.ਦੀ ਵਿਵਸਥਾ ਠੀਕ ਹੋਣ 'ਚ 2ਤੋਂ 3 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਜੇਤਲੀ ਨੇ ਕਿਹਾ ਕਿ ਮੁਸ਼ਕਲ ਝੱਲ ਕੇ ਵੀ ਲੋਕ ਇਸ 'ਚ ਸਾਥ ਦੇ ਰਹੇ ਹਨ। ਜੇਤਲੀ ਨੇ ਆਖਿਆ ਕਿ ATMs ਨੂੰ ਪਹਿਲਾਂ ਤੋਂ ਠੀਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨਾਲ ਨੋਟ ਬੰਦ ਕਰਨ ਦਾ ਫ਼ੈਸਲਾ ਗੁਪਤ ਨਹੀਂ ਰਹਿਣਾ ਸੀ।


ਉਨ੍ਹਾਂ ਆਖਿਆ ਕਿ ਸਰਕਾਰ ਦੇ ਫ਼ੈਸਲੇ ਨਾਲ ਕੁੱਝ ਲੋਕਾਂ ਨੂੰ ਪ੍ਰੇਸ਼ਾਨੀਆਂ ਜ਼ਰੂਰ ਹੋ ਰਹੀਆਂ ਹਨ। ਪਰ ਸਖ਼ਤ ਫ਼ੈਸਲਿਆਂ ਦੌਰਾਨ ਅਕਸਰ ਅਜਿਹਾ ਹੁੰਦਾ ਹੈ। ਰਿਜ਼ਰਵ ਬੈਂਕ ਦੇ ਅਨੁਸਾਰ ਦੇਸ਼ ਵਿੱਚ 201861 ਹਨ। ਉਨ੍ਹਾਂ ਆਖਿਆ ਕਿ ਇੰਨੇ ਜ਼ਿਆਦਾ ਮਸ਼ੀਨਾਂ ਨੂੰ ਪਹਿਲਾਂ ਤੋਂ ਠੀਕ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਇਸ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਰੂਰਤ ਪੈਣੀ ਸੀ ਜੋ ਕਿ ਸੰਭਵ ਨਹੀਂ ਸੀ।

ਜੇਤਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 30 ਦਸੰਬਰ ਤੱਕ ਪੈਸਾ ਜਮ੍ਹਾ ਕਰਵਾਉਣ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ 2000 ਰੁਪਏ ਦੇ ਨੋਟਾਂ ਵਿੱਚ ਚਿੱਪ ਹੋਣ ਦੀ ਗੱਲ ਨੂੰ ਅਫ਼ਵਾਹ ਦੱਸਿਆ। ਵਿੱਤ ਮੰਤਰੀ ਨੇ ਬੈਂਕ ਕਰਮੀਆਂ ਨੂੰ ਸੀਨੀਅਰ ਸਿਟੀਜ਼ਨ ਦਾ ਵਿਸ਼ੇਸ਼ ਖ਼ਿਆਲ ਰੱਖਣ ਦੀ ਅਪੀਲ ਵੀ ਕੀਤੀ।