ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਜਿੱਥੇ ਆਮ ਜਨਤਾ ਨੋਟ ਨਾ ਮਿਲਣ ਕਾਰਨ ਥੋੜ੍ਹੀ ਪ੍ਰੇਸ਼ਾਨ ਵੀ ਹੈ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਪ੍ਰਿਯਤਾ ਵਿੱਚ ਗਿਰਾਵਟ ਆਈ ਹੈ।
ਇਹ ਅਸੀਂ ਨਹੀਂ ਆਖ ਰਹੇ ਸਗੋਂ ਪ੍ਰਧਾਨ ਮੰਤਰੀ ਦਾ ਟਵਿੱਟਰ ਖਾਤਾ ਬੋਲ ਰਿਹਾ ਹੈ।


ਪ੍ਰਧਾਨ ਨਾਲ ਟਵੀਟ ਜ਼ਰੀਏ ਗੱਲਬਾਤ ਕਰਨ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਐਨਾਲਿਟੀਕਲ ਟਵੀਟਰ ਕਾਊਟਰ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਮੋਦੀ ਦੇ ਟਵੀਟ ਪ੍ਰੇਮੀਆਂ ਦੀ ਲਿਸਟ ਵਿੱਚ ਦੋ ਕਰੋੜ 41 ਲੱਖ 30 ਹਜ਼ਾਰ ਲੋਕ ਸ਼ਾਮਿਲ ਸਨ, ਪਰ 8 ਨਵੰਬਰ ਦੀ ਰਾਤ ਨੂੰ ਜਿਉਂ ਹੀ ਮੋਦੀ ਨੇ ਭਾਰਤ ਵਿੱਚ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਤਾਂ 9 ਨਵੰਬਰ ਸ਼ਾਮ ਤੱਕ ਮੋਦੀ ਦੀ ਇਹ ਟਵੀਟ ਲਿਸਟ ਦੇ ਅੰਕੜੇ 3 ਲੱਖ 13 ਹਜ਼ਾਰ ਘੱਟ ਗਏ।

ਜਿਸ ਦਾ ਸਿੱਧਾ ਅਰਥ ਹੈ ਕਿ 3 ਲੱਖ 13 ਹਜ਼ਾਰ ਲੋਕਾਂ ਨੇ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ 'ਤੇ ਕਿਸੇ ਲਿਖਤ ਨੂੰ ਪੜ੍ਹਨਾ ਵੀ ਜ਼ਰੂਰੀ ਨਹੀਂ ਸਮਝਿਆ। ਸੋਸ਼ਲ ਮੀਡੀਆ ਮੁਲਾਂਕਣ ਨਾਲ ਜੁੜੀ ਇੱਕ ਹੋਰ ਸੰਸਥਾ ਟਰੈਕਲਾਟਿਕਸ ਅਨੁਸਾਰ ਮੋਦੀ ਦੇ ਟਵੀਟ ਨਾਲੋਂ ਟੁੱਟਣ ਵਾਲਿਆਂ ਦੀ ਗਿਣਤੀ 3 ਲੱਖ 18 ਹਜ਼ਾਰ ਹੈ। ਸਤੰਬਰ 2015 ਵਿੱਚ ਨਰਿੰਦਰ ਮੋਦੀ ਦੁਆਰਾ ਟਵੀਟ ਦਾ ਸਹਾਰਾ ਲਏ ਜਾਣ ਬਾਅਦ ਮੋਦੀ ਦੇ ਚਾਹੁਣ ਅਤੇ ਉਨ੍ਹਾਂ ਦੇ ਵਿਚਾਰ ਜਾਣਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਸੀ।

ਇਕੱਲੇ ਨਵੰਬਰ ਮਹੀਨੇ ਵਿੱਚ ਹੀ ਇਹ ਗਿਣਤੀ ਪ੍ਰਤੀ ਦਿਨ 25 ਹਜ਼ਾਰ ਦੇ ਹਿਸਾਬ ਨਾਲ ਵਧ ਰਹੀ ਸੀ ਕੁੱਝ ਦਿਨਾਂ ਬਾਅਦ ਇਹ ਗਿਣਤੀ 50 ਹਜ਼ਾਰ ਪ੍ਰਤੀ ਦਿਨ ਵੀ ਪੁੱਜ ਗਈ ਸੀ। ਪਰ ਜਿਉਂ ਹੀ ਮੋਦੀ ਦਾ ਫ਼ੈਸਲਾ ਸਾਹਮਣੇ ਆਇਆ ਤਾਂ ਚਾਹੁਣ, ਸੁਣਨ ਤੇ ਜਾਣਨ ਵਾਲਿਆਂ ਦੀ ਸੂਚੀ ਦਾ ਗਰਾਫ਼ ਹੇਠਾਂ ਆ ਡਿੱਗਿਆ।