ਨਵੀਂ ਦਿੱਲੀ: 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਮਗਰੋਂ ਰਾਹੁਲ ਗਾਂਧੀ ਦੇ ਨਿਸ਼ਾਨੇ ਉੱਤੇ ਪ੍ਰਧਾਨ ਮੰਤਰੀ ਮੋਦੀ ਆ ਗਏ ਹਨ। ਲੋਕਾਂ ਦੀਆਂ ਸਮੱਸਿਆਵਾਂ ਸਮਝਣ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸੰਸਦ ਮਾਰਗ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਵਿੱਚ ਪੈਸੇ ਵਟਾਉਣ ਲਈ ਵਿੱਚ ਖ਼ੁਦ ਲਾਈਨ ਵਿੱਚ ਲੱਗੇ। ਇਸ ਦੌਰਾਨ ਰਾਹੁਲ ਗਾਂਧੀ ਨੂੰ ਅਚਾਨਕ ਲਾਈਨ ਵਿੱਚ ਲੱਗਾ ਦੇਖ ਕੇ ਲੋਕ ਵੀ ਹੈਰਾਨ ਹੋ ਗਏ। ਲਾਈਨ ਵਿੱਚ ਖੜ੍ਹੇ ਰਾਹੁਲ ਗਾਂਧੀ ਨੇ ਆਖਿਆ ਕਿ ਉਹ ਚਾਰ ਹਜ਼ਾਰ ਰੁਪਏ ਵਟਾਉਣ ਲਈ ਆਏ ਹਨ।


ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਉੱਤੇ ਹਮਲਾ ਕਰਦੇ ਹੋਏ ਆਖਿਆ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਰਾਹੁਲ ਗਾਂਧੀ ਨੇ ਆਖਿਆ ਕਿ ਜਦੋਂ ਉਹ ਬੈਂਕ ਪਹੁੰਚੇ ਤਾਂ ਆਮ ਲੋਕਾਂ ਨੂੰ ਬੈਂਕ ਦੇ ਅੰਦਰ ਕਰ ਦਿੱਤਾ ਗਿਆ ਹੈ। ਰਾਹੁਲ ਅਨੁਸਾਰ ਪ੍ਰਧਾਨ ਮੰਤਰੀ ਨੂੰ ਲੋਕਾਂ ਦਾ ਦਰਦ ਮਹਿਸੂਸ ਨਹੀਂ ਹੋ ਰਿਹਾ।

ਉਨ੍ਹਾਂ ਆਖਿਆ ਕਿ ਇਸ ਹਾਲਤ ਵਿੱਚ ਉਹ ਲੋਕਾਂ ਦੇ ਨਾਲ ਹਨ। ਇਸ ਲਈ ਉਹ ਲਾਈਨ ਵਿੱਚ ਖੜ੍ਹੇ ਹਨ। ਦੂਜੇ ਪਾਸੇ ਬੀਜੇਪੀ ਨੇ ਰਾਹੁਲ ਗਾਂਧੀ ਦੇ ਇਸ ਕਦਮ ਨੂੰ ਰਾਜਨੀਤੀ ਤੇ ਮੀਡੀਆ ਵਿੱਚ ਛਾਏ ਰਹਿਣ ਵਾਲਾ ਦੱਸਿਆ ਹੈ। ਬੀਜੇਪੀ ਅਨੁਸਾਰ ਰਾਹੁਲ ਗਾਂਧੀ ਛੋਟੀਆਂ ਹਰਕਤਾਂ ਕਰਕੇ ਮੀਡੀਆ ਵਿੱਚ ਬਣੇ ਰਹਿਣਾ ਚਾਹੁੰਦੇ ਹਨ, ਇਸ ਕਰ ਕੇ ਅਜਿਹੀਆਂ ਹਰਕਤਾਂ ਕਰ ਰਹੇ ਹਨ।