ਨਵੀਂ ਦਿੱਲੀ : ਨੋਟ-ਬੰਦੀ ਦੇ ਮਾਮਲੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਉੱਤੇ ਸ਼ਬਦੀ ਹਮਲਾ ਕੀਤਾ ਹੈ। ਕੇਜਰੀਵਾਲ ਦਾ ਦੋਸ਼ ਹੈ ਕਿ ਬੀਜੇਪੀ ਦੇ ਲੋਕਾਂ ਨੇ ਅੱਠ ਨਵੰਬਰ ਤੋਂ ਪਹਿਲਾਂ ਹੀ ਆਪਣਾ ਸਾਰਾ ਕਾਲਾ ਧੰਨ ਸਫ਼ੇਦ ਕਰ ਲਿਆ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਨੋਟ-ਬੰਦੀ ਦਾ ਹੁਕਮ ਵਾਪਸ ਲੈਣ ਦੀ ਮੰਗ ਕੀਤੀ।


ਕੇਜਰੀਵਾਲ ਨੇ ਦੋਸ਼ ਲਗਾਇਆ ਕਿ 500 ਅਤੇ ਇੱਕ ਹਜ਼ਾਰ ਦੇ ਨੋਟ ਬੰਦ ਕਰਨ ਦੇ ਨਾਮ ਉੱਤੇ ਇੱਕ ਵੱਡੇ ਘੁਟਾਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟ-ਬੰਦੀ ਦੇ ਐਲਾਨ ਤੋਂ ਪਹਿਲਾਂ ਹੀ ਆਪਣੇ ਸਾਰੇ ਦੋਸਤਾਂ, ਜਿਨ੍ਹਾਂ ਕੋਲ ਕਾਲਾ ਧੰਨ ਹੈ , ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਦਾ ਸਾਰੇ ਦੋਸਤਾਂ ਨੇ ਆਪਣਾ ਕਾਲਾ ਧੰਨ ਟਿਕਾਣੇ ਲੱਗਾ ਦਿੱਤਾ। ਦੂਜੇ ਪਾਸੇ ਕੇਜਰੀਵਾਲ ਦੇ ਬਿਆਨ ਨੂੰ ਬੀਜੇ ਪੀ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਕੇਂਦਰੀ ਮੰਤਰੀ ਮੁਖ਼ਤਿਆਰ ਅੱਬਾਸ ਨਕਵੀ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਅਜਿਹਾ ਕਰ ਕੇ ਭ੍ਰਿਸ਼ਟ ਲੋਕਾਂ ਦਾ ਸਾਥ ਦੇ ਰਹੇ ਹਨ।