ਬਰਨਾਲਾ: ਉੱਘੀ ਲੇਖਿਕਾ ਅਰੁੰਧਤੀ ਰੌਇ ਨੇ ਨਸ਼ਿਆਂ ਬਾਰੇ ਵੱਡਾ ਖ਼ਦਸ਼ਾ ਜਤਾਇਆ ਹੈ। ਅੱਜ ਪੰਜਾਬ ਪਹੁੰਚੀ ਅਰੁੰਧਤੀ ਨੇ ਕਿਹਾ ਕਿ ਨਸ਼ੇ ਇੱਕ ਸਮਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤਦਾਨ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਨਹੀਂ ਕਰ ਸਕਦੇ।

 

ਉਨ੍ਹਾਂ ਖ਼ਦਸਾ ਜਤਾਇਆ ਕਿ ਸਿਆਸੀ ਲੋਕ ਇਸ ਸਮੱਸਿਆ ਨੂੰ ਰੋਕ ਨਹੀਂ ਸਕੇ ਤੇ ਹੁਣ ਉਹ ਸਮਾਜ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ। ਅਰੁੰਧਤੀ ਨੇ ਕਿਹਾ ਕਿ ਸਰਕਾਰਾਂ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਸਗੋਂ ਲੋਕਾਂ ਨੂੰ ਆਪਣੇ ਪੱਧਰ 'ਤੇ ਪਹਿਲਕਦਮੀ ਕਰਨੀ ਚਾਹੀਦੀ ਹੈ।

ਲੇਖਿਕਾ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਭਾਰਤ ਨੂੰ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਐਲਾਨਿਆ ਗਿਆ ਹੈ, ਪਰ ਫਿਰ ਵੀ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਕਾਲ਼ੇ ਕਾਨੂੰਨ ਪਾਸ ਕਰ ਰਹੀ ਹੈ ਤੇ ਜੰਗਲਾਂ ਨੂੰ ਸਨਅਤਕਾਰਾਂ ਦੇ ਹਵਾਲੇ ਕਰ ਰਹੀ ਹੈ। ਅਰੁੰਧਤੀ ਰੌਇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੰਗਲ, ਜ਼ਮੀਨ ਵਰਗੇ ਕੁਦਰਤੀ ਸੋਮਿਆਂ ਨੂੰ ਵੀ ਸਰਕਾਰੀ ਪ੍ਰੌਡਕਟ ਬਣਾ ਦਿੱਤਾ ਹੈ ਤੇ ਸਰਕਾਰਾਂ ਆਪਣੇ ਫਾਇਦੇ ਲਈ ਕੋਝੀ ਸਿਆਸਤ ਕਰ ਰਹੀਆਂ ਹਨ। ਅਰੁੰਧਤੀ ਨੇ ਦੇਸ਼ ਦੇ ਮੌਜੂਦਾ ਮਾਹੌਲ ਨੂੰ ਲੋਕਾਂ ਦੇ ਉਲਟ ਕਰਾਰ ਦਿੱਤਾ।