ਬੈਂਗਲੁਰੂ: ਭਾਰਤ ਦੀਆਂ ਬੈਂਕਾਂ ਦਾ 9000 ਕਰੋੜ ਰੁਪਇਆ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਜੈੱਟ ਜਹਾਜ਼ ਨਿਲਾਮ ਹੋ ਗਿਆ ਹੈ। ਇਸ ਜਹਾਜ਼ ਦੀ ਵਿਕਰੀ ਬੀਤੇ ਸ਼ੁੱਕਰਵਾਰ ਹੋਈ। ਇਸ ਤੋਂ ਪਹਿਲਾਂ ਤਿੰਨ ਵਾਰ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਈ ਕਾਰਨਾਂ ਕਰਕੇ ਨਿਲਾਮੀ ਸਿਰੇ ਨਾ ਚੜ੍ਹ ਸਕੀ।

ਜ਼ਿਕਰਯੋਗ ਹੈ ਕਿ ਏਅਰਬੱਸ A319-133C VT-VJM MSN 2650 ਦੀ ਨਿਲਾਮੀ ਚ ਅਮਰੀਕਾ ਦੇ ਇੱਕ ਏਵੀਏਸ਼ਨ ਮੈਨੇਜਮੈਂਟ ਸੇਲਜ਼ ਨੇ ਸਭ ਤੋਂ ਵੱਧ ਬੋਲੀ ਲਾਈ। ਜਹਾਜ਼ ਦੀ ਵਿਕਰੀ ਕਰੀਬ 35 ਕਰੋੜ ਰਪਏ 'ਚ ਹੋਈ। ਨਿਲਾਮੀ ਦੀ ਸ਼ੁਰੂਆਤ 13 ਕਰੋੜ ਰੁਪਏ ਤੋਂ ਹੋਈ ਸੀ। ਹਾਲਾਂਕਿ, ਅਜੇ ਇਸ ਨਿਲਾਮੀ ਨੂੰ ਬੰਬੇ ਹਾਈਕੋਰਟ ਤੋਂ ਮਨਜੂਰੀ ਮਿਲਣਾ ਬਾਕੀ ਹੈ।

ਜ਼ਿਕਰਯੋਗ ਹੈ ਕਿ ਸਰਵਿਸ ਟੈਕਸ ਵਿਭਾਗ ਦਾ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਵੱਲ ਜੋ ਪੈਸਾ ਬਕਾਇਆ ਸੀ ਉਸਦੀ ਵਸੂਲੀ ਲਈ ਇਹ ਨਿਲਾਮੀ ਕਰਵਾਈ ਗਈ। ਨਿਲਾਮੀ ਨਾਲ ਜੁੜੇ ਇਕ ਜਾਣਕਾਰ ਨੇ ਕਿਹਾ ਕਿ ਮਾਲਿਆ ਦੇ ਜਹਾਜ਼ ਨੂੰ ਕੂੜੇ ਦੇ ਭਾਅ ਵੇਚ ਦਿੱਤਾ ਗਿਆ। ਜੇਕਰ ਜਹਾਜ਼ ਜ਼ਮੀਨ 'ਤੇ ਖੜ੍ਹਾ ਹੋਣ ਦੀ ਬਜਾਇ ਆਪਰੇਟ ਹੋ ਰਿਹਾ ਹੁੰਦਾ ਤਾਂ ਇਸ ਦੀ ਕੀਮਤ 7 ਅਰਬ ਦੇ ਕਰੀਬ ਹੋਣੀ ਸੀ।

ਇਹ ਜਹਾਜ਼ ਇਕੋ ਵੇਲੇ 25 ਲੋਕਾਂ ਤੇ 6 ਕਰੂ ਮੈਂਬਰਾਂ ਨੂੰ ਲਿਜਾ ਸਕਦਾ ਹੈ। ਇਸ 'ਚ ਇੱਕ ਬੈੱਡਰੂਮ, ਬਾਥਰੂਮ, ਬਾਰ ਤੇ ਕਾਨਫਰੰਸ ਏਰੀਏ ਤੋਂ ਇਲਾਵਾ ਕਈ ਹੋਰ ਸੁਵਿਧਾਵਾਂ ਹਨ।