ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਦੀ ਅਣਮਨੁੱਖੀ ਸੀਮਾ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਭਾਰਤੀ ਅਮਰੀਕੀ ਮਹਿਲਾ ਸੰਸਦ ਪ੍ਰਮਿਲਾ ਜੈਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੈਪਾਲ ਤੇ ਉਨ੍ਹਾਂ ਦੇ ਸਮੂਹ ਨੇ ਦੇਸ਼ ਭਰ 'ਚ ਜ਼ਬਰਦਸਤ ਪ੍ਰਦਰਸ਼ਨ ਦੀ ਯੋਜਨੀ ਬਣਾਈ ਹੈ।

ਟਰੰਪ ਪ੍ਰਸ਼ਾਸਨ ਦੀ ਇਸ ਵਿਵਾਦਤ ਨੀਤੀ ਕਾਰਨ ਕਰੀਬ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਹੋਣਾ ਪਿਆ ਜਿਸ ਕਾਰਨ ਲੋਕਾਂ ਨੇ ਟਰੰਪ ਦੀ ਇਸ ਨੀਤੀ ਦਾ ਭਾਰੀ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ 52 ਸਾਲਾ ਜੈਪਾਲ ਨੂੰ 500 ਹੋਰ ਮਹਿਲਾਵਾਂ ਨਾਲ ਕੈਪਿਟਲ ਹਿਲ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਡੀਆ 'ਚ ਖ਼ਬਰ ਆਈ ਸੀ ਕਿ ਮੈਕਸੀਕੋ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਪ੍ਰਵੇਸ਼ ਕਰਨ ਤੋਂ ਬਾਅਦ ਉੱਥੇ ਸ਼ਰਣ ਮੰਗ ਰਹੀ ਇਕ ਭਾਰਤੀ ਮਹਿਲਾ ਨੂੰ ਉਸ ਦੇ ਪੰਜ ਸਾਲ ਦੇ ਅਪਾਹਜ ਬੇਟੇ ਤੋਂ ਵੱਖ ਕਰ ਦਿੱਤਾ ਗਿਆ। ਅਮਰੀਕੀ ਮੀਡੀਆ ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਏਰੀਜੋਨਾ ਦੀ ਅਦਾਲਤ ਨੇ ਭਾਵਨ ਪਟੇਲ ਨੂੰ ਬੱਚੇ ਨਾਲ ਦੁਬਾਰਾ ਮਿਲਣ ਲਈ 30,000 ਡਾਲਰ ਯਾਨੀ ਕਿ 20,53,350 ਰੁਪਏ ਦੀ ਜ਼ਮਾਨਤ ਰਾਸ਼ੀ ਨਿਰਧਾਰਿਤ ਕੀਤੀ ਹੈ।

ਇਸ ਤੋਂ ਪਹਿਲਾਂ ਭਾਰਤ ਦੌਰੇ ਦੌਰਾਨ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਵੀ ਇਮੀਗ੍ਰੇਂਟਸ ਦੇ ਵਿਵਾਦਤ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਸੀ ਕਿ ਭਾਵੇਂ ਅਮਰੀਕਾ ਪ੍ਰਵਾਸੀਆਂ ਦਾ ਦੇਸ਼ ਹੈ ਪਰ ਅੱਤਵਾਦੀ ਚੁਣੌਤੀਆਂ ਨੂੰ ਦੇਖਦਿਆਂ ਗੈਰਕਾਨੂੰਨੀ ਪਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।