ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਖ਼ਲ ਅਪਰਾਧਿਕ ਮਾਣਹਾਨੀ ਕੇਸ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਮਿਲ ਗਈ। ਕੇਸ ਦੀ ਅਗਲੀ ਸੁਣਵਾਈ ਹੁਣ 24 ਅਕਤੂਬਰ ਨੂੰ ਹੋਵੇਗੀ। ਕੇਜਰੀਵਾਲ ਤੇ ਪੰਜ ਹੋਰ ‘ਆਪ’ ਆਗੂ ਜੋ ਇਸ ਮਾਮਲੇ ’ਚ ਦੋਸ਼ੀ ਹਨ ਵੱਲੋਂ ਪੇਸ਼ ਵਕੀਲ ਨੇ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸੁਮਿਤ ਦਾਸ ਨੂੰ ਦੱਸਿਆ ਕਿ ਕੇਜਰੀਵਾਲ ਬੰਗਲੌਰ ਵਿੱਚ ਗਲੇ ਦੀ ਸਰਜਰੀ ਕਰਕੇ ਅੱਜ ਕੋਰਟ ਵਿੱਚ ਪੇਸ਼ ਨਹੀਂ ਹੋ ਸਕੇ। ਇਸ ਦੌਰਾਨ ਵਕੀਲ ਨੇ ਦੱਸਿਆ ਕਿ ਇਸ ਮਾਮਲੇ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਕੋਰਟ ਦੇ ਪਿਛਲੇ ਹੁਕਮਾਂ ਕਰ ਕੇ ਉਨ੍ਹਾਂ ਇਸ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜੇਤਲੀ ਦੇ ਵਕੀਲ ਵੱਲੋਂ ਇਸ ’ਤੇ ਕੋਈ ਇਤਰਾਜ਼ ਨਾ ਕਰਨ ’ਤੇ ਜੱਜ ਨੇ ਕੇਸ ਦੀ ਅਗਲੀ ਤਰੀਕ ਪਾ ਦਿੱਤੀ।