ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇੱਕ-ਦੂਜੇ ਨੂੰ ਇਕੱਠੇ ਦੱਸਿਆ ਹੈ। ਕੇਜਰੀਵਾਲ ਅਤੇ ਯਾਦਵ ਨੇ 23 ਮਈ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਦੀ ਰਣਨੀਤੀ 'ਤੇ ਚਰਚਾ ਕੀਤੀ। 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਕੇਜਰੀਵਾਲ ਤੇ ਯਾਦਵ ਨੇ ਟੈਲੀਫੋਨ 'ਤੇ ਗੱਲ ਕਰਕੇ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਹੈ।

ਸੰਜੈ ਸਿੰਘ ਨੇ ਲਖਨਊ ਵਿੱਚ ਯਾਦਵ ਨੂੰ ਮਿਲਣ ਤੋਂ ਬਾਅਦ ਦੱਸਿਆ ਕਿ ਕੇਜਰੀਵਾਲ ਨੇ ਸਪਾ ਮੁਖੀ ਨਾਲ ਟੈਲੀਫੋਨ 'ਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ। ਦੇਰ ਸ਼ਾਮੀਂ ਯਾਦਵ ਨੇ ਸੰਜੈ ਸਿੰਘ ਨਾਲ ਆਪਣੀ ਤਸਵੀਰ ਟਵੀਟ ਕਰਦਿਆਂ ਕਿਹਾ 'ਆਪ ਦੇ ਨਾਲ' ਤੇ ਇਸ ਦੇ ਜਵਾਬ ਵਿੱਚ ਕੇਜਰੀਵਾਲ ਨੇ ਵੀ ਟਵੀਟ ਕੀਤਾ, 'ਅਸੀਂ ਵੀ ਤੁਹਾਡੇ ਨਾਲ ਹਾਂ ਅਖਿਲੇਸ਼ ਜੀ।'


ਸੰਜੈ ਸਿੰਘ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਬੀਜੇਪੀ ਨੂੰ ਸੱਤਾ 'ਚ ਵਾਪਸ ਆਉਣ ਤੋਂ ਰੋਕਣ ਨੂੰ ਤਰਜੀਹ ਦੇ ਰਹੀਆਂ ਹਨ। ਇਸ ਸਬੰਧ ਵਿੱਚ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨੇ 17 ਮਈ ਨੂੰ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।